ਕਾਬੁਲ : ਪਾਕਿਸਤਾਨ ਅਤੇ ਤਾਲਿਬਾਨ (Pakistan and Taliban) ਬਲਾਂ ਵਿਚਾਲੇ ਡੂਰੰਡ ਲਾਈਨ ‘ਤੇ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ ਹੈ। ਅਫਗਾਨਿਸਤਾਨ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਖੋਸਤ ਸੂਬੇ ਦੇ ਜਾਜ਼ੀ ਮੈਦਾਨ ਜ਼ਿਲ੍ਹੇ ‘ਚ ਬੀਤੀ ਸ਼ਾਮ ਕਰੀਬ 7 ਵਜੇ ਸੰਘਰਸ਼ ਹੋਇਆ ਅਤੇ ਦੇਰ ਰਾਤ ਤੱਕ ਜਾਰੀ ਰਿਹਾ। ਅਫਗਾਨ ਤਾਲਿਬਾਨ ਅਤੇ ਪਾਕਿਸਤਾਨੀ ਫੌਜਾਂ ਵਿਚਾਲੇ ਡੂਰੰਡ ਲਾਈਨ ‘ਤੇ ਗੋਲੀਬਾਰੀ ਸ਼ੁਰੂ ਹੋ ਗਈ, ਜਦੋਂ ਤਾਲਿਬਾਨ ਨੇ ਸਰਹੱਦ ‘ਤੇ ਸੁਰੱਖਿਆ ਚੌਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਦੋਵੇਂ ਧਿਰਾਂ ਭਾਰੀ ਹਥਿਆਰਾਂ ਦੀ ਵਰਤੋਂ ਕਰ ਰਹੀਆਂ ਹਨ। ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਤਾਲਿਬਾਨੀ ਬਲ ਤਿੰਨ ਦਿਨਾਂ ਤੋਂ ਚੌਕੀਆਂ ਬਣਾ ਰਹੇ ਸਨ। ਸਥਾਨਕ ਸੂਤਰਾਂ ਮੁਤਾਬਕ ਇਸ ਗੋਲੀਬਾਰੀ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ ਪਰ ਅਜੇ ਤੱਕ ਵਿਸਥਾਰਪੂਰਵਕ ਜਾਣਕਾਰੀ ਨਹੀਂ ਮਿਲੀ ਹੈ। ਇੱਕ ਕਾਲਪਨਿਕ ਡੂਰੰਡ ਲਾਈਨ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਵੱਖ ਕਰਦੀ ਹੈ, ਜਿਸ ਨੂੰ ਕਿਸੇ ਵੀ ਅਫਗਾਨ ਸਰਕਾਰ ਨੇ ਅਸਲ ਸਰਹੱਦ ਵਜੋਂ ਮਾਨਤਾ ਨਹੀਂ ਦਿੱਤੀ ਹੈ। ਇਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਹਮੇਸ਼ਾ ਤਣਾਅ ਬਣਿਆ ਰਿਹਾ ਹੈ।
ਪਾਕਿਸਤਾਨ ਨੂੰ 2021 ‘ਚ ਤਾਲਿਬਾਨ ਦੀ ਸੱਤਾ ‘ਚ ਵਾਪਸੀ ਤੋਂ ਬਾਅਦ ਸਰਹੱਦੀ ਵਿਵਾਦ ਤੋਂ ਰਾਹਤ ਮਿਲਣ ਦੀ ਉਮੀਦ ਸੀ ਪਰ ਤਾਲਿਬਾਨ ਨੇ ਸਰਹੱਦ ‘ਤੇ ਚੌਕੀਆਂ ਬਣਾ ਕੇ ਆਪਣੇ ਦਾਅਵੇ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਤਾਲਿਬਾਨ ਨੇ ਪਾਕਿਸਤਾਨ ਵੱਲੋਂ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣ ਦਾ ਵਿਰੋਧ ਕੀਤਾ ਹੈ ਅਤੇ ਇਸ ਕਾਰਨ ਕਈ ਝੜਪਾਂ ਵੀ ਹੋਈਆਂ ਹਨ। ਹਾਲਾਂਕਿ ਦੇਰ ਰਾਤ ਤੱਕ ਗੋਲੀਬਾਰੀ ਰੁਕ ਗਈ ਹੈ ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਇਹ ਟਕਰਾਅ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਦੀ ਇਕ ਹੋਰ ਉਦਾਹਰਣ ਹੈ।