ਬਠਿੰਡਾ : ਬੀਕਾਨੇਰ ਨੈਸ਼ਨਲ ਹਾਈਵੇ (Bikaner National Highway) ‘ਤੇ ਡੱਬਵਾਲੀ ਕਸਬੇ ਨੇੜੇ ਪਿੰਡ ਪਥਰਾਲਾ ‘ਚ ਅੱਜ ਦੁਪਹਿਰ ਨੂੰ ਪੀ.ਆਰ.ਟੀ.ਸੀ ਫਰੀਦਕੋਟ ਡਿਪੂ ਦੀ ਬੱਸ ਪਲਟ ਗਈ।
ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ, ਜਦੋਂ ਕਿ ਦੋ ਦਰਜਨ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਡੱਬਵਾਲੀ ਅਤੇ ਸਿਰਸਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਬਰਸਾਤ ਕਾਰਨ ਬੱਸ ਚਾਲਕ ਦਾ ਬੱਸ ਤੋਂ ਕੰਟਰੋਲ ਖੋਹ ਗਿਆ ਅਤੇ ਬੱਸ ਸੜਕ ‘ਤੇ ਪਲਟ ਗਈ। ਜਿਸ ਵਿੱਚ ਇੱਕ ਔਰਤ ਜਸਵਿੰਦਰ ਕੌਰ ਵਾਸੀ ਪਿੰਡ ਲੋਹਾਰਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ ਫਰੀਦਕੋਟ ਡਿਪੂ ਦੀ ਬੱਸ ਨੰਬਰ ਪੀ.ਬੀ-04ਵੀ-3044 ਹਰਿਆਣਾ ਦੇ ਡੱਬਵਾਲੀ ਤੋਂ ਬਠਿੰਡਾ ਆ ਰਹੀ ਸੀ। ਅੱਜ ਦੁਪਹਿਰ ਕਰੀਬ 2:30 ਵਜੇ ਜਦੋਂ ਇਹ ਬੱਸ ਪਿੰਡ ਪਥਰਾਲਾ ‘ਚ ਉਸਾਰੀ ਅਧੀਨ ਕੰਕਰੀਟ ਵਾਲੀ ਸੜਕ ‘ਤੇ ਪਹੁੰਚੀ ਤਾਂ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਬੱਸ ਚਾਲਕ ਆਪਣਾ ਕੰਟਰੋਲ ਗੁਆ ਬੈਠਾ ਅਤੇ ਸਰਕਾਰੀ ਪੀ.ਆਰ.ਟੀ.ਸੀ ਬੱਸ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਡੱਬਵਾਲੀ ਅਤੇ ਸਿਰਸਾ ਦੇ ਸਰਕਾਰੀ ਹਸਪਤਾਲਾਂ ‘ਚ ਪਹੁੰਚਾਇਆ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।