ਜਲੰਧਰ : ਜਲੰਧਰ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੀ ਦੇਰ ਸ਼ਾਮ ਆਦਮਪੁਰ ਨੇੜੇ ਪਤਾਰਾ ‘ਚ ਵਾਪਰੀ। ਜ਼ਿਕਰਯੋਗ ਹੈ ਕਿ ਪਤਾਰਾ ‘ਚ ਛਿੰਝ ਮੇਲਾ (Chinjh Fair) ਚੱਲ ਰਿਹਾ ਸੀ, ਜਿਸ ‘ਚ ਗੋਲੀਬਾਰੀ ਦੀਆਂ ਖ਼ਬਰਾਂ ਆਈਆਂ ਹਨ।
ਜ਼ਿਲ੍ਹਾ ਦਿਹਾਤੀ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਕੰਗਣੀਵਾਲ ਹੁਸ਼ਿਆਰਪੁਰ ਰੋਡ ’ਤੇ ਸਥਿਤ ਗੁਰਦੁਆਰਾ ਬਾਬਾ ਧੀਰੋਆਣਾ ਸਾਹਿਬ ਵਿਖੇ ਬੀਤੇ ਦਿਨ ਚੱਲ ਰਹੇ ਛਿੰਝ ਮੇਲੇ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਥਾਣਾ ਪਤਾਰਾ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਸੌਦਾਗਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਕੰਗਣੀਵਾਲ ਅਤੇ ਹਰਜੋਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਕਪੂਰੇ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਦੇ ਕਬਜ਼ੇ ’ਚੋਂ ਇੱਕ ਗੱਡੀ, ਇੱਕ 315 ਬੋਰ ਦੀ ਬੰਦੂਕ ਅਤੇ ਇੱਕ 32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਹੈ।
ਇਸ ਸਬੰਧੀ ਥਾਣਾ ਪਤਾਰਾ ਨੇ ਐਫ.ਆਈ.ਆਰ. ਨੰਬਰ 46 ਦਰਜ ਕੀਤੀ ਹੈ। ਪਤਾਰਾ ਪੁਲਿਸ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ। ਥਾਣਾ ਸਦਰ ਦੇ ਇੰਚਾਰਜ ਹਰਦੇਵ ਪ੍ਰੀਤ ਸਿੰਘ ਨੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਛਿੰਝ ਮੇਲੇ ਦੇ ਪ੍ਰਬੰਧਕਾਂ ਦਾ ਇੱਕ ਸੰਸਥਾ ਨਾਲ ਝਗੜਾ ਹੋ ਗਿਆ ਸੀ। ਮਾਮਲਾ ਇੰਨਾ ਵੱਧ ਗਿਆ ਕਿ ਸੰਗਠਨ ਦੇ ਨਾਲ ਆਏ ਕੁਝ ਲੋਕਾਂ ਨੇ ਆਪਣੀਆਂ ਰਾਈਫਲਾਂ ਨਾਲ ਗੋਲੀਆਂ ਚਲਾ ਦਿੱਤੀਆਂ।