ਪੰਜਾਬ : ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ ਡਾਇਰੀਆ ਦੇ ਮਰੀਜ਼ਾਂ (Diarrhea Patients) ‘ਚ ਵਾਧਾ ਹੋਣ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਸਿਹਤ ਵਿਭਾਗ ਪਟਿਆਲਾ ਨੇ ਇਹ ਸਰਵੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨਾ ਨਗਰ ਵਿੱਚ ਡਾਇਰੀਆ ਦੇ ਪ੍ਰਕੋਪ ਦੀਆਂ ਰਿਪੋਰਟਾਂ ਤੋਂ ਬਾਅਦ ਕੀਤਾ। ਵਿਭਾਗ ਵੱਲੋਂ ਪਾਣੀ ਦੇ ਨਮੂਨੇ ਲਏ ਗਏ ਅਤੇ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਘਰ-ਘਰ ਵੰਡੀਆਂ ਗਈਆਂ। ਸਿਵਲ ਸਰਜਨ ਕਮ ਚੀਫ਼ ਮੈਡੀਕਲ ਅਫ਼ਸਰ ਪਟਿਆਲਾ ਦੇ ਨਿਰਦੇਸ਼ਾਂ ‘ਤੇ ਡਾ: ਸੰਜੇ ਗੋਇਲ, ਡਾ: ਸੁਮੀਤ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਪਟਿਆਲਾ ਅਤੇ ਡਾ: ਦਿਵਜੋਤ ਸਿੰਘ ਇੰਚਾਰਜ ਆਈ.ਡੀ.ਐਸ.ਪੀ. ਪਟਿਆਲਾ ਦੀ ਦੇਖ-ਰੇਖ ਹੇਠ ਸਰਵੇ ਅਤੇ ਨਮੂਨਾ ਗਤੀਵਿਧੀਆਂ ਕਰਵਾਈਆਂ ਗਈਆਂ। ਇਲਾਕਾ ਮੈਡੀਕਲ ਅਫ਼ਸਰ ਡਾ: ਗੁਰਚੰਦਨ ਦੀਪ ਸਿੰਘ ਵੀ ਆਪਣੇ ਸਟਾਫ਼ ਸਮੇਤ ਹਾਜ਼ਰ ਸਨ, ਉਨ੍ਹਾਂ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਡਾਕਟਰੀ ਮੁਆਇਨਾ ਕਰਨ ਉਪਰੰਤ ਅਗਲੇਰੀ ਦੇਖਭਾਲ ਲਈ ਤੁਰੰਤ ਉੱਚ ਕੇਂਦਰਾਂ ‘ਚ ਰੈਫ਼ਰ ਕਰ ਦਿੱਤਾ।
ਇਸ ਤਰ੍ਹਾਂ ਫੈਲਦਾ ਹੈ ਡਾਇਰੀਆ
ਬਰਸਾਤ ਦੇ ਮੌਸਮ ਦੌਰਾਨ ਕੱਟੇ ਹੋਏ ਫਲ, ਮਸਾਲੇਦਾਰ ਚੀਜ਼ਾਂ, ਧੂੜ ਨਾਲ ਦੂਸ਼ਿਤ ਹੋਏ ਪਦਾਰਥ, ਮਿਲਾਵਟੀ ਦੁੱਧ, ਦਹੀਂ, ਪਨੀਰ, ਘੱਟ ਪਾਣੀ ਪੀਣ, ਭਾਰੀ ਭੋਜਨ ਆਦਿ ਖਾਣ ਨਾਲ ਡਾਇਰੀਆ ਫੈਲਦਾ ਹੈ। ਡਾਇਰੀਆ ਦੇ ਲੱਛਣ ਹਨ ਉਲਟੀਆਂ, ਦਸਤ, ਬੁਖਾਰ, ਪੇਟ ਦਰਦ, ਕੱਚਾ ਦਿਲ, ਖੁਸ਼ਕ ਚਮੜੀ, ਸੁੱਕਾ ਮੂੰਹ, ਪਿਸ਼ਾਬ ਘੱਟ ਆਉਣਾ, ਅੱਖਾਂ ਦਾ ਥੱਕ ਜਾਣਾ, ਕੁਝ ਵੀ ਖਾਣ ਦਾ ਮਨ ਨਾ ਹੋਣਾ, ਸਰੀਰ ਵਿੱਚ ਦਰਦ ਆਦਿ।
ਅਪਣਾਓ ਇਹ ਮੁੱਖ ਸਾਵਧਾਨੀਆਂ
ਸਾਫ਼ ਅਤੇ ਤਾਜ਼ਾ ਭੋਜਨ ਖਾਓ। ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ, ਹੱਥ ਧੋ ਕੇ ਭੋਜਨ ਕਰੋ, ਵੱਧ ਮਾਤਰਾ ਵਿੱਚ ਪਾਣੀ ਪੀਓ, ਨਿੰਬੂ ਅਤੇ ਓ.ਆਰ.ਐਸ. ਇਸ ਘੋਲ ਨੂੰ ਜ਼ਿਆਦਾ ਮਾਤਰਾ ‘ਚ ਲਓ, ਬਾਜ਼ਾਰੀ ਦੁੱਧ ਅਤੇ ਦਹੀਂ ਨਾਲ ਬਣੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਭਾਰੀ ਮਾਤਰਾ ਵਿੱਚ ਜ਼ਿਆਦਾ ਭੋਜਨ ਨਾ ਖਾਓ।