ਪਟਵਾਰੀਆਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਕੀਤਾ ਐਲਾਨ
By admin / August 29, 2024 / No Comments / Punjabi News
ਸਮਰਾਲਾ : ਪਟਵਾਰੀ ਚਮਨ ਲਾਲ ਖ਼ਿਲਾਫ਼ ਰਿਸ਼ਵਤ ਮੰਗਣ ਦੇ ਇਲਜ਼ਾਮ ਵੱਧਦੇ ਜਾ ਰਹੇ ਹਨ। ਸਮਰਾਲਾ ਦੇ ਤਹਿਸੀਲ ਕੰਪਲੈਕਸ ‘ਚ ਪਟਵਾਰੀ ਚਮਨ ਲਾਲ ‘ਤੇ 7 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ‘ਚ ਅਹਿਮ ਖ਼ਬਰ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਪਟਵਾਰੀ ਯੂਨੀਅਨ ਸਮਰਾਲਾ ਦੇ ਸਮੂਹ ਪਟਵਾਰੀਆਂ ਨੇ ਹੜਤਾਲ ‘ਤੇ ਬੈਠ ਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਸਮਰਾਲਾ ਤਹਿਸੀਲ ਕੰਪਲੈਕਸ ‘ਚ ਕੁਝ ਲੋਕਾਂ ਨੇ ਹੰਗਾਮਾ ਕੀਤਾ ਸੀ, ਜਿਸ ‘ਚ ਸਾਡੇ ਪਟਵਾਰੀ ਚਮਨ ਲਾਲ ‘ਤੇ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਸੀ, ਜੋ ਕਿ ਬਿਲਕੁਲ ਬੇਬੁਨਿਆਦ ਅਤੇ ਝੂਠਾ ਸੀ। ਮੁਲਜ਼ਮਾਂ ਨੇ ਪਟਵਾਰੀ ਚਮਨ ਲਾਲ ਨੂੰ ਪਿੰਡ ਮਾਣਕੀ ਦੇ ਡੇਰੇ ਦੀ 7 ਕਿੱਲੇ ਜ਼ਮੀਨ ਟਰਾਂਸਫਰ ਕਰਨ ਲਈ ਕਿਹਾ ਸੀ, ਜੋ ਕਿ ਗਲਤ ਸੀ, ਪਰ ਪਟਵਾਰੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਕੁਝ ਲੋਕਾਂ ਨੇ ਪੈਸਿਆਂ ਦਾ ਲਾਲਚ ਦੇ ਕੇ ਖੁਦਕੁਸ਼ੀ ਕਰਨ ਬਾਰੇ ਪੁੱਛਿਆ ਤਾਂ ਪਟਵਾਰੀ ਚਮਨ ਲਾਲ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਕਤ ਲੋਕਾਂ ਨੇ ਤਹਿਸੀਲ ‘ਚ ਭਾਰੀ ਹੰਗਾਮਾ ਕਰ ਦਿੱਤਾ, ਜਿਸ ਦੇ ਵਿਰੋਧ ‘ਚ ਅੱਜ ਸਮੁੱਚੀ ਪਟਵਾਰ ਯੂਨੀਅਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਆਦਿ ਜ਼ਰੂਰੀ ਸੇਵਾਵਾਂ ਦਾ ਕੰਮ ਜਾਰੀ ਰਹੇਗਾ। ਕਾਨੂੰਨੀ ਕਾਰਵਾਈ ਹੋਣ ਤੱਕ ਪਟਵਾਰੀਆਂ ਦੀ ਹੜਤਾਲ ਜਾਰੀ ਰਹੇਗੀ।
ਇਸ ਸਬੰਧੀ ਐਸ.ਡੀ.ਐਮ ਸਮਰਾਲਾ ਰਜਨੀਸ਼ ਅਰੋੜਾ ਨੇ ਦੱਸਿਆ ਕਿ ਪਿੰਡ ਮਾਣਕੀ ਦੀ ਡੇਰੇ ਦੀ ਜ਼ਮੀਨ ਨੂੰ ਤਬਦੀਲ ਕਰਨ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਤਹਿਸੀਲ ਵਿੱਚ ਹੰਗਾਮਾ ਕੀਤਾ ਸੀ। ਇਹ ਡੇਰੇ ਦੀ ਜ਼ਮੀਨ ਹੋਣ ਕਰਕੇ ਇਸ ਦੀ ਮਲਕੀਅਤ ਗੁਰੂ ਤੋਂ ਚੇਲੇ ਕੋਲ ਜਾਂਦੀ ਹੈ ਪਰ ਇੱਥੇ ਸਾਧੂ ਰਾਮ ਜੋ ਕਿ ਚੇਲਾ ਹੈ, ਦੇ ਬੱਚੇ ਡੇਰੇ ਦੀ ਜ਼ਮੀਨ ਦੇ ਵਾਰਸ ਵਿੱਚ ਆ ਗਏ, ਜਿਸ ਨੂੰ ਪਟਵਾਰੀ ਨੇ ਰੱਦ ਕਰ ਦਿੱਤਾ। ਇਸ ਸਬੰਧੀ ਉਹ ਹਲਕਾ ਵਿਧਾਇਕ ਕੋਲ ਵੀ ਗਏ, ਜਿੱਥੇ ਹਲਕਾ ਵਿਧਾਇਕ ਜਗਤਾਰ ਸਿੰਘ ਨੇ ਵੀ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਤਹਿਸੀਲ ਵਿਚ ਆ ਕੇ ਹੰਗਾਮਾ ਕਰ ਦਿੱਤਾ। ਹੁਣ ਪਟਵਾਰੀ ਹੜਤਾਲ ‘ਤੇ ਬੈਠੇ ਹਨ। ਇਸ ਮਾਮਲੇ ਨੂੰ ਲੈ ਕੇ ਤਹਿਸੀਲਦਾਰ ਸਾਹਬ ਅਤੇ ਡੀ.ਐਸ.ਪੀ ਨਾਲ ਗੱਲਬਾਤ ਕੀਤੀ ਗਈ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।