ਪਟਨਾ: ਪਟਨਾ ਹਾਈ ਕੋਰਟ (The Patna High Court) ਨੇ 2013 ਦੇ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਚਾਰ ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਅੱਜ 30 ਸਾਲ ਦੀ ਕੈਦ ਵਿੱਚ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਉਮਰ ਕੈਦ ਦੀ ਸਜ਼ਾ ਸੁਣਾਏ ਗਏ ਦੋ ਵਿਅਕਤੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ।
ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਿਆ
ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਟਨਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਚਾਰੇ ਦੋਸ਼ੀਆਂ ਨੂੰ ਪਹਿਲਾਂ ਸਿਵਲ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਪਰ ਹੁਣ ਹਾਈ ਕੋਰਟ ਨੇ ਅੱਜ ਦੋਸ਼ੀਆਂ ਇਮਤਿਆਜ਼ ਆਲਮ, ਹੈਦਰ ਅਲੀ, ਨੁਮਾਨ ਅੰਸਾਰੀ ਅਤੇ ਮੋਜੀਬੁੱਲਾ ਅੰਸਾਰੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਇਸ ਤੋਂ ਇਲਾਵਾ, ਹਾਈ ਕੋਰਟ ਨੇ ਦੋ ਹੋਰ ਦੋਸ਼ੀਆਂ ਉਮਰ ਸਿੱਦੀਕੀ ਅਤੇ ਅਜ਼ਹਰੂਦੀਨ ਕੁਰੈਸ਼ੀ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਜਸਟਿਸ ਆਸ਼ੂਤੋਸ਼ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ‘ਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ, ਜੋ ਅੱਜ ਸੁਣਾਇਆ ਗਿਆ।
ਗਾਂਧੀ ਮੈਦਾਨ ‘ਚ ਵਾਪਰੀ ਸੀ ਇਹ ਘਟਨਾ
ਜ਼ਿਕਰਯੋਗ ਹੈ ਕਿ ਗਾਂਧੀ ਮੈਦਾਨ ‘ਚ ਬੰਬ ਧਮਾਕੇ ਦੀ ਇਹ ਘਟਨਾ 27 ਅਕਤੂਬਰ 2013 ਨੂੰ ਵਾਪਰੀ ਸੀ, ਉਸ ਸਮੇਂ ਨਰਿੰਦਰ ਮੋਦੀ ਪਟਨਾ ਦੇ ਗਾਂਧੀ ਮੈਦਾਨ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਗਾਂਧੀ ਮੈਦਾਨ ਅਤੇ ਆਸਪਾਸ ਛੇ ਥਾਵਾਂ ‘ਤੇ ਲੜੀਵਾਰ ਬੰਬ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 89 ਲੋਕ ਜ਼ਖਮੀ ਹੋ ਗਏ ਸਨ। ਇਸ ਸਬੰਧੀ ਪਟਨਾ ਦੇ ਗਾਂਧੀ ਮੈਦਾਨ ਥਾਣੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ 31 ਅਕਤੂਬਰ 2013 ਨੂੰ ਐਨ.ਆਈ.ਏ. ਨੇ ਕੇਸ ਸੰਭਾਲਿਆ।