ਪਟਨਾ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੀ ਬਿਹਾਰ ਦੇ ਪਟਨਾ ਸਥਿਤ ਵਿਸ਼ੇਸ਼ ਅਦਾਲਤ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ) (National Testing Agency) ਦੁਆਰਾ ਕਰਵਾਏ ਗਏ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (ਐਨ.ਈ.ਈ.ਟੀ) 2024 ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਗ੍ਰਿਫ਼ਤਾਰ ਮੈਡੀਕਲ ਵਿਦਿਆਰਥੀ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਪੁੱਛਗਿੱਛ ਲਈ ਸੀ.ਬੀ.ਆਈ. ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਹਿਰਾਸਤ ਵਿਚ ਲੈ ਕੇ ਪੁੱਛਗਿੱਛ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤੇ ਗਏ ਦਸ ਦੋਸ਼ੀਆਂ ਨੂੰ ਵਾਪਸ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ।
22 ਜੁਲਾਈ ਨੂੰ ਹੋਵੇਗੀ ਸਾਰੇ ਦੋਸ਼ੀਆਂ ਦੀ ਪੇਸ਼ੀ
ਇਸ ਮਾਮਲੇ ਵਿੱਚ ਸੀ.ਬੀ.ਆਈ ਨੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਰਿਮਸ), ਰਾਂਚੀ ਤੋਂ ਗ੍ਰਿਫ਼ਤਾਰ ਕੀਤੀ ਮੈਡੀਕਲ ਵਿਦਿਆਰਥਣ ਸੁਰਭੀ ਨੂੰ ਸਪੈਸ਼ਲ ਇੰਚਾਰਜ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਸੀ.ਬੀ.ਆਈ ਨੇ ਅਰਜ਼ੀ ਦਾਇਰ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੇਣ ਦੀ ਬੇਨਤੀ ਕੀਤੀ। ਵਿਸ਼ੇਸ਼ ਅਦਾਲਤ ਨੇ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਦੋਸ਼ੀ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਲਈ ਸੀ.ਬੀ.ਆਈ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਸੀ.ਬੀ.ਆਈ ਨੇ ਪੁਲਿਸ ਰਿਮਾਂਡ ’ਤੇ ਪੁੱਛਗਿੱਛ ਮਗਰੋਂ ਇਸ ਕੇਸ ਦੇ ਦਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਇਨ੍ਹਾਂ ਸਾਰੇ ਦਸ ਮੁਲਜ਼ਮਾਂ ਨੂੰ ਮਾਡਲ ਸੈਂਟਰਲ ਜੇਲ੍ਹ ਬੇਰ, ਪਟਨਾ ਵਿੱਚ ਨਿਆਇਕ ਹਿਰਾਸਤ ਵਿੱਚ ਵਾਪਸ ਭੇਜਣ ਦਾ ਹੁਕਮ ਦਿੱਤਾ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ 22 ਜੁਲਾਈ 2024 ਨੂੰ ਅਦਾਲਤ ਵਿੱਚ ਪੇਸ਼ ਹੋਣਗੇ।
ਇਸ ਮਾਮਲੇ ਵਿੱਚ ਪਟਨਾ ਪੁਲਿਸ ਨੇ ਕੁੱਲ 18 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ 13 ਵਿਅਕਤੀਆਂ ‘ਚ ਪਟਨਾ ਦੇ ਦਾਨਾਪੁਰ ਵਾਸੀ ਆਯੂਸ਼ ਰਾਜ , ਬਿੱਟੂ ਕੁਮਾਰ ਵਾਸੀ ਰੋਹਤਾਸ, ਅਖਿਲੇਸ਼ ਕੁਮਾਰ ਵਾਸੀ ਦਾਨਾਪੁਰ, ਸਿਕੰਦਰ ਯਾਦਵੇਂਦੂ ਵਾਸੀ ਸਮਸਤੀਪੁਰ, ਆਸ਼ੂਤੋਸ਼ ਕੁਮਾਰ ਵਾਸੀ ਨੇਪਾਲੀ ਨਗਰ ਪਟਨਾ, ਪਟਨਾ ਦੇ ਏਕਾਂਗਰਸਰਾਏ ਇਲਾਕੇ ਦਾ ਰਹਿਣ ਵਾਲਾ ਰੋਸ਼ਨ ਕੁਮਾਰ, ਗਯਾ ਜ਼ਿਲੇ ਦੇ ਨਿਤੀਸ਼ ਕੁਮਾਰ, ਸਮਸਤੀਪੁਰ ਦੇ ਅਨੁਰਾਗ ਯਾਦਵ, ਰਾਂਚੀ ਦੇ ਅਭਿਸ਼ੇਕ ਕੁਮਾਰ, ਗਯਾ ਦੇ ਬਰਾਚੱਟੀ ਖੇਤਰ ਦੇ ਸ਼ਿਵਾਨੰਦਨ ਕੁਮਾਰ, ਰਾਂਚੀ ਦੇ ਅਵਧੇਸ਼ ਕੁਮਾਰ, ਪਟਨਾ ਦੇ ਅਮਿਤ ਆਨੰਦ ਅਤੇ ਸਮਸਤੀਪੁਰ ਦੀ ਇਕ ਔਰਤ ਰੀਨਾ ਕੁਮਾਰੀ ਸ਼ਾਮਲ ਹਨ। ਬਾਅਦ ਵਿੱਚ ਪਟਨਾ ਪੁਲਿਸ ਨੇ ਦੇਵਘਰ ਜ਼ਿਲ੍ਹੇ ਦੇ ਇੱਕ ਫਾਰਮ ਹਾਊਸ ਤੋਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚ ਚਿੰਟੂ ਉਰਫ਼ ਬਲਦੇਵ, ਮੁਕੇਸ਼, ਪੰਕੂ, ਪਰਮਜੀਤ ਅਤੇ ਰਾਜੀਵ ਸ਼ਾਮਲ ਹਨ।