ਨਿਹਾਲ ਸਿੰਘ ਵਾਲਾ : ਨਿਹਾਲ ਸਿੰਘ ਵਾਲਾ ਵਿੱਚ 3 ਦਿਨ ਪਹਿਲਾਂ ਵਾਪਰਿਆ ਗੋਲੀਬਾਰੀ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਪਿਆ ਸੀ ਕਿ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂੰਕੇ ਵਿੱਚ ਇੱਕ ਘਰ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿੱਚ ਝਗੜਾ ਚੱਲ ਰਿਹਾ ਸੀ ਕਿ ਪਿੰਡ ਦੀ ਸੰਘਣੀ ਆਬਾਦੀ ਵਿੱਚ ਇੱਕ ਧਿਰ ਦੇ ਇੱਕ ਵਿਅਕਤੀ ਨੇ ਦੂਜੀ ਧਿਰ ਦੇ ਘਰ ਜਾ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ ‘ਚ ਪਹਿਲਾਂ ਵੀ ਗੋਲੀਬਾਰੀ ਦੇ ਕਈ ਮਾਮਲੇ ਹੋ ਚੁੱਕੇ ਹਨ ਅਤੇ ਪਿਛਲੇ ਦਿਨੀਂ ਪਿੰਡ ਦੇ ਸਰਪੰਚ ਬੇਅੰਤ ਸਿੰਘ ਅਤੇ ਪਿੰਡ ਦੇ ਹੀ ਇੱਕ ਅਰੋੜਾ ਵਿਅਕਤੀ ਰਾਜਿੰਦਰ ਗੋਗਾ ਦਾ ਵੀ ਕਤਲ ਹੋ ਚੁੱਕਾ ਹੈ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ 3 ਦਿਨ ਪਹਿਲਾਂ ਹੀ ਨਿਹਾਲ ਸਿੰਘ ਵਾਲਾ ਸ਼ਹਿਰ ‘ਚ ਦੋ ਧਿਰਾਂ ਵਿਚਾਲੇ ਝੜਪ ਹੋਈ ਸੀ, ਜਿਸ ‘ਚ ਗੋਲੀਆਂ ਚੱਲਣ ਕਾਰਨ 3 ਵਿਅਕਤੀ ਜ਼ਖਮੀ ਹੋਏ ਸਨ।

Leave a Reply