ਖਮਾਣੋਂ: ਪੈਦਲ ਜਾ ਰਹੀ ਸੀ ਔਰਤ ਨੂੰ ਚੁੱਕ ਕੇ ਉਸ ਦੀ ਕੁੱਟਮਾਰ ਕਰਨ ਕਰਨ ਤੋਂ ਬਾਅਦ ਉਸ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਦੋਸ਼ ਹੇਠ ਸਮਾਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ (Former Congress MLA Nirmal Singh Shutrana) ਸਮੇਤ 13 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਪੈਦਲ ਜਾ ਰਹੀ ਸੀ ਤਾਂ ਇਕ ਕਾਰ ਆਈ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ ਅਤੇ ਸੀਟ ‘ਤੇ ਉਸ ਦਾ ਪਤੀ ਬੈਠਾ ਸੀ।
ਉਨ੍ਹਾਂ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਅਤੇ ਕਾਰ ਨੂੰ ਮੋਰਿੰਡਾ ਵੱਲ ਨੂੰ ਭਜਾ ਲੈ ਗਏ । ਰਸਤੇ ‘ਚ ਉਨ੍ਹਾਂ ਨੇ ਉਸ ਨੂੰ ਪਾਣੀ ‘ਚ ਕੋਈ ਚੀਜ਼ ਮਿਲਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਪਟਿਆਲਾ ਨੇੜੇ ਸਮਾਣਾ ਜਾ ਕੇ ਉਸ ਨੂੰ ਹੋਸ਼ ਆ ਗਈ। ਇੱਥੇ ਉਸ ਦਾ ਪਤੀ ਉਸ ਨੂੰ ਸਮਾਣਾ ਸਥਿਤ ਸਾਬਕਾ ਵਿਧਾਇਕ ਦੇ ਘਰ ਲੈ ਗਿਆ।
ਉਸ ਨੂੰ ਕਿਹਾ ਗਿਆ ਸੀ ਕਿ ਉਸ ਨੇ ਆਪਣੇ ਪਤੀ ਖ਼ਿਲਾਫ਼ ਹਾਈ ਕੋਰਟ ਵਿੱਚ ਜੋ ਕੇਸ ਦਾਇਰ ਕੀਤਾ ਹੈ ਉਸ ਨੂੰ ਵਾਪਿਸ ਲੈ ਲਵੇ। ਕੁਝ ਵਿਅਕਤੀਆਂ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਕੇਸ ਵਾਪਸ ਨਾ ਕਰਨ ਦੀ ਸੂਰਤ ਵਿੱਚ ਵਾਇਰਲ ਕਰਨ ਦੀ ਧਮਕੀ ਦਿੱਤੀ। ਇਸ ਦੌਰਾਨ ਉਸ ਤੋਂ ਕੁਝ ਕਾਗਜ਼ਾਂ ‘ਤੇ ਦਸਤਖਤ ਵੀ ਕਰਵਾਏ ਗਏ। ਬਾਅਦ ਵਿੱਚ ਉਸ ਨੂੰ ਬੱਸ ਵਿੱਚ ਬਿਠਾ ਦਿੱਤਾ ਗਿਆ।
ਉਸ ਦੇ ਭਰਾ ਨੇ ਉਸ ਨੂੰ ਖਮਾਣ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਸਿਵਲ ਹਸਪਤਾਲ ਖਮਾਣ ਦੇ ਡਾਕਟਰਾਂ ਨੇ ਉਸ ਨੂੰ ਫਤਿਹਗੜ੍ਹ ਸਾਬ੍ਹੀ ਲਈ ਰੈਫਰ ਕਰ ਦਿੱਤਾ, ਜਿੱਥੋਂ ਉਸ ਨੂੰ ਸਰਕਾਰੀ ਕਾਲਜ ਸੈਕਟਰ 32 ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸ ਦੇ ਬਿਆਨਾਂ ਦੇ ਆਧਾਰ ‘ਤੇ 3 ਔਰਤਾਂ ਸਮੇਤ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਜਦੋਂ ਸਾਬਕਾ ਵਿਧਾਇਕ ਨਿਰਮਲ ਸਿੰਘ ‘ਤੇ ਲੱਗੇ ਦੋਸ਼ਾਂ ਸਬੰਧੀ ਪੱਖ ਲੈਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।