ਲਖਨਊ : ਭਾਰਤੀ ਦੰਡਾਵਲੀ ਦੀ ਥਾਂ ਅੱਜ ਯਾਨੀ ਸੋਮਵਾਰ ਤੋਂ ਲਾਗੂ ਹੋਏ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਤਹਿਤ ਉੱਤਰ ਪ੍ਰਦੇਸ਼ ਦੀ ਪਹਿਲੀ ਐਫ.ਆਈ.ਆਰ. ਅਮਰੋਹਾ ਜ਼ਿਲ੍ਹੇ ਦੇ ਰੇਹਰਾ ਪੁਲਿਸ ਸਟੇਸ਼ਨ (The Rehra Police Station) ਵਿੱਚ ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ ਕਿ ਇਤਿਹਾਸ ਰਚਿਆ ਜਾ ਰਿਹਾ ਹੈ।
ਅਮਰੋਹਾ ਜ਼ਿਲ੍ਹੇ ਦਾ ਰੇਹਰਾ ਥਾਣਾ ਉੱਤਰ ਪ੍ਰਦੇਸ਼ ਦਾ ਪਹਿਲਾ ਪੁਲਿਸ ਸਟੇਸ਼ਨ ਬਣ ਗਿਆ ਹੈ ਜਿਸ ਨੇ ਨਵੇਂ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਰਾਜਵੀਰ ਉਰਫ ਰਾਜੂ ਅਤੇ ਭੂਪ ਸਿੰਘ ਉਰਫ ਭੋਲੂ ਦੇ ਖ਼ਿਲਾਫ਼ ਬੀ.ਐਨ.ਐਸ. ਦੇ ਤਹਿਤ ਧਾਰਾ 106 (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬਾ ਪੁਲਿਸ ਨੇ ਦੱਸਿਆ ਕਿ ਅਮਰੋਹਾ ਦੇ ਰੇਹਰਾ ਥਾਣਾ ਖੇਤਰ ‘ਚ ਸਥਿਤ ਪਿੰਡ ਢੱਕੀਆ ਨਿਵਾਸੀ ਸੰਜੇ ਸਿੰਘ ਨੇ ਦਰਜ ਕਰਵਾਏ ਮਾਮਲੇ ‘ਚ ਦੋਸ਼ ਲਗਾਇਆ ਹੈ ਕਿ ਦੋਸ਼ੀ ਨੇ ਉਸ ਦੇ ਖੇਤ ‘ਚ ਬਿਜਲੀ ਦੀਆਂ ਤਾਰਾਂ ਵਿਛਾ ਦਿੱਤੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰੇ ਕਰੀਬ 6.30 ਵਜੇ ਉਸ ਦਾ ਪਿਤਾ ਜਗਪਾਲ ਆਪਣੇ ਖੇਤ ਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।