ਨਕੋਦਰ : ਨਕੋਦਰ (Nakodar) ‘ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਸ਼ੰਕਰ ਵਿੱਚ ਸ਼ਹੀਦੀ ਅਸਥਾਨ ’ਤੇ ਨਿਸ਼ਾਨ ਸਾਹਿਬ ਚੜ੍ਹਾਉਣ ਸਮੇਂ ਨਿਸ਼ਾਨ ਸਾਹਿਬ ਦੀ ਪਾਈਪ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆ ਗਈ, ਜਿਸ ਕਾਰਨ ਕਰੰਟ ਲੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ., ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਦਰ ਥਾਣਾ ਮੁਖੀ ਇੰਸਪੈਕਟਰ ਜੈਪਾਲ, ਚੌਕੀ ਇੰਚਾਰਜ ਸ਼ੰਕਰ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਏ। ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ (63) ਵਾਸੀ ਬਜੂਹਾ ਅਤੇ ਮਹਿੰਦਰ ਪਾਲ (42) ਵਾਸੀ ਬਜੂਹਾ ਵਜੋਂ ਹੋਈ ਹੈ। ਜਦੋਂਕਿ ਕਰਨਦੀਪ, ਗੁਰਸ਼ਿੰਦਰ ਵਾਸੀ ਜਲੰਧਰ ਅਤੇ ਦਾਰਾ ਬਜੂਹਾ ਮਾਮੂਲੀ ਝੁਲਸ ਗਏ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸ਼ਹੀਦਾਂ ਦੀ ਜਗ੍ਹਾ ਸੰਧੂ ਪਰਿਵਾਰ ਦੇ ਖੇਤਾਂ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਇਕ ਪਾਸਾ ਪਲਟ ਗਿਆ ਅਤੇ ਬਿਜਲੀ ਦੀ ਤਾਰਾਂ ਨਾਲ ਟਕਰਾ ਗਿਆ।