ਅੰਬਾਲਾ : ਅੰਬਾਲਾ ਸ਼ਹਿਰ ‘ਚ ਭੁਪਿੰਦਰ ਸਿੰਘ ਹੁੱਡਾ ਅਤੇ ਉਦੈ ਭਾਨ (Bhupinder Singh Hooda and Uday Bhan) ਦੀ ਰੈਲੀ ਤੋਂ ਬਾਅਦ ਦੇਰ ਸ਼ਾਮ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ। ਦੋ ਕਾਂਗਰਸੀ ਕੌਂਸਲਰ ਮੁੱਖ ਮੰਤਰੀ ਨਾਇਬ ਸੈਣੀ ਅਤੇ ਅਸੀਮ ਗੋਇਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਦੱਸ ਦੇਈਏ ਕਿ ਵਾਰਡ-1 ਦੇ ਕੌਂਸਲਰ ਜਸਬੀਰ ਸਿੰਘ ਅਤੇ ਵਾਰਡ-19 ਦੇ ਕੌਂਸਲਰ ਰਾਕੇਸ਼ ਸਿੰਗਲਾ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦੋਵੇਂ ਕੌਂਸਲਰਾਂ ਦਾ ਭਾਜਪਾ ’ਚ ਸ਼ਾਮਲ ਹੋਣ ’ਤੇ ਅਸੀਮ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਮੰਡੀਪੁਰਾਣਾ ਵੱਲੋਂ ਪਾਰਟੀ ਦੇ ਝੰਡੇ ਪਾ ਕੇ ਸਵਾਗਤ ਕੀਤਾ ਗਿਆ। ਭਾਜਪਾ ਉਮੀਦਵਾਰ ਅਸੀਮ ਗੋਇਲ ਨੇ ਕਿਹਾ ਕਿ ਭਾਜਪਾ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਨਾਇਬ ਸੈਣੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਦੋਵੇਂ ਕੌਂਸਲਰ ਅੱਜ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਦੋਵਾਂ ਕੌਂਸਲਰਾਂ ਦੇ ਆਉਣ ਨਾਲ ਭਾਜਪਾ ਨੂੰ ਬਲ ਮਿਲਿਆ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੌਂਸਲਰ ਜਸਬੀਰ ਸਿੰਘ ਨੇ ਕਿਹਾ ਕਿ ਹੁਣ ਉਹ ਭਾਜਪਾ ਲਈ ਦਿਨ ਰਾਤ ਕੰਮ ਕਰਨਗੇ। ਅੰਬਾਲਾ ਸ਼ਹਿਰ ਵਿੱਚ ਤੀਜੀ ਵਾਰ ਭਾਜਪਾ ਦੀ ਜਿੱਤ ਯਕੀਨੀ ਬਣਾਉਣਗੇ। ਕੌਂਸਲਰ ਰਾਕੇਸ਼ ਸਿੰਗਲਾ ਦਾ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਵਿੱਚ ਅਸਹਿਜ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੂੰ ਬੀਤੇ ਦਿਨ ਸ਼ਹਿਰ ਵਿੱਚ ਹੋਈ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਵੀ ਸੱਦਾ ਨਹੀਂ ਦਿੱਤਾ ਗਿਆ ਸੀ।