ਨਵੀਂ ਦਿੱਲੀ: ਦੇਸ਼ ਭਰ ‘ਚ ਮਾਨਸੂਨ ਦੇ ਭਾਰੀ ਮੀਂਹ (Heavy Monsoon Rains) ਨੇ ਤਬਾਹੀ ਮਚਾਈ ਹੋਈ ਹੈ। ਦਿੱਲੀ ਤੋਂ ਲੈ ਕੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਤੱਕ ਸਥਿਤੀ ਬਹੁਤ ਚਿੰਤਾਜਨਕ ਬਣ ਗਈ ਹੈ। ਰਾਜਧਾਨੀ ਦਿੱਲੀ ‘ਚ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਜਨਜੀਵਨ ਠੱਪ ਹੋ ਗਿਆ ਹੈ, ਜਦਕਿ ਉੱਤਰਾਖੰਡ ‘ਚ ਬੱਦਲ ਫਟਣ ਕਾਰਨ ਕੇਦਾਰਨਾਥ ਯਾਤਰਾ ਨੂੰ ਰੋਕਣਾ ਪਿਆ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਮੀਂਹ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਓ ਜਾਣਦੇ ਹਾਂ ਮਾਨਸੂਨ ਦੇ ਇਸ ਮੀਂਹ ਨੇ ਦੇਸ਼ ਭਰ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਾਏ ਹਨ:
1. ਦਿੱਲੀ ਵਿੱਚ ਪਾਣੀ ਹੀ ਪਾਣੀ
ਦਿੱਲੀ ‘ਚ ਬੀਤੇ ਦਿਨ ਪਏ ਤੇਜ਼ ਮੀਂਹ ਨੇ ਸੜਕਾਂ ਨੂੰ ਛੱਪੜਾਂ ‘ਚ ਬਦਲ ਦਿੱਤਾ ਹੈ। ਰਾਜਧਾਨੀ ਦਿੱਲੀ ਦੇ ਕਈ ਪ੍ਰਮੁੱਖ ਖੇਤਰ ਜਿਵੇਂ ਕਿ ਆਈ.ਟੀ.ਓ., ਕਨਾਟ ਪਲੇਸ, ਮੋਤੀ ਬਾਗ, ਚਾਂਦਨੀ ਚੌਕ ਅਤੇ ਸੰਸਦ ਭਵਨ ਦੇ ਆਲੇ-ਦੁਆਲੇ ਦੇ ਖੇਤਰ ਪਾਣੀ ਵਿੱਚ ਡੁੱਬੇ ਹੋਏ ਹਨ। ਮੀਂਹ ਕਾਰਨ ਸੜਕਾਂ ’ਤੇ 3 ਤੋਂ 4 ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਸਥਿਤੀ ਕਾਰਨ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ ਹਨ। ਗਾਜ਼ੀਆਬਾਦ ਦੇ ਮੀਂਹ ਪ੍ਰਭਾਵਿਤ ਇਲਾਕਿਆਂ ਵਿੱਚ ਇੱਕ ਹੋਰਡਿੰਗ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਖੋੜਾਂ ਵਿੱਚ ਨਾਲਿਆਂ ਦਾ ਪਾਣੀ ਭਰ ਜਾਣ ਕਾਰਨ ਇੱਕ ਔਰਤ ਅਤੇ ਉਸ ਦੇ ਬੱਚੇ ਦੀ ਜਾਨ ਚਲੀ ਗਈ। ਗ੍ਰੇਟਰ ਨੋਇਡਾ ਵਿੱਚ ਇੱਕ ਜਿਮ ਦੀ ਛੱਤ ਡਿੱਗਣ ਨਾਲ ਦੋ ਨੌਜਵਾਨ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਵੀ ਪੁਰਾਣੇ ਰਾਜਿੰਦਰ ਨਗਰ ਵਿੱਚ ਇੱਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
2. ਉੱਤਰਾਖੰਡ ਵਿੱਚ ਫਟਿਆ ਬੱਦਲ
ਉਤਰਾਖੰਡ ਵਿੱਚ ਵੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਟਿਹਰੀ ਅਤੇ ਕੇਦਾਰਨਾਥ ਰੋਡ ‘ਤੇ ਬੱਦਲ ਫਟਣ ਕਾਰਨ ਸਥਿਤੀ ਵਿਗੜ ਗਈ ਹੈ। ਮੰਦਾਕਨੀ ਨਦੀ ਵਿੱਚ ਤੇਜ਼ੀ ਹੈ, ਅਤੇ ਗੌਰੀਕੁੰਡ ਤੋਂ ਸੋਨਪ੍ਰਯਾਗ ਤੱਕ ਭਗਦੜ ਮਚ ਗਈ ਹੈ। ਰੁਦਰਪ੍ਰਯਾਗ ਦੇ ਡੀ.ਐਮ ਨੇ ਕੇਦਾਰਨਾਥ ਯਾਤਰਾ ਨੂੰ ਰੋਕਣ ਦੇ ਆਦੇਸ਼ ਦਿੱਤੇ ਹਨ। ਇਸ ਕੁਦਰਤੀ ਆਫ਼ਤ ਕਾਰਨ ਕੇਦਾਰਨਾਥ ਅਤੇ ਤਪਤਕੁੰਡ ਵਿਚਕਾਰ ਸੜਕਾਂ ਤਬਾਹ ਹੋ ਗਈਆਂ ਹਨ। 200 ਤੋਂ ਵੱਧ ਸ਼ਰਧਾਲੂ ਇਸ ਸਮੇਂ ਭਿੰਬਲੀ ਜੀ.ਐਮ.ਵੀ.ਐਨ. ਵਿੱਚ ਠਹਿਰੇ ਹੋਏ ਹਨ।
3. ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਜਾਰੀ ਮੌਤਾਂ ਦੀ ਲੜੀ
ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਮਾਨਸੂਨ ਦੇ ਮੀਂਹ ਨੇ ਤਬਾਹੀ ਮਚਾਈ ਹੈ। ਉੱਤਰ ਪ੍ਰਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਕਾਰਨ ਹੋਏ ਵੱਖ-ਵੱਖ ਹਾਦਸਿਆਂ ‘ਚ 12 ਲੋਕਾਂ ਦੀ ਮੌਤ ਹੋ ਗਈ ਹੈ। ਮੀਂਹ ਕਾਰਨ ਵਿਧਾਨ ਸਭਾ ਕੰਪਲੈਕਸ ਵਿੱਚ ਪਾਣੀ ਭਰ ਗਿਆ ਹੈ। ਪ੍ਰਯਾਗਰਾਜ ‘ਚ ਪਾਣੀ ਭਰ ਜਾਣ ਕਾਰਨ ਜੌਰਜਟਾਊਨ ਥਾਣੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗਰਾ ਵਿੱਚ ਕਾਰ ਅਤੇ ਸਕੂਟਰ ਦੀ ਟੱਕਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਬਿਹਾਰ ਵਿੱਚ ਵੀ ਮੀਂਹ ਅਤੇ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਘਟਨਾਵਾਂ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਰਾਹਤ ਕਾਰਜ ਜਾਰੀ ਹਨ।
4. ਅਸਾਮ ਵਿੱਚ ਹੜ੍ਹ ਦੀ ਸਥਿਤੀ
ਅਸਾਮ ਪਹਿਲਾਂ ਹੀ ਹੜ੍ਹਾਂ ਦੀ ਲਪੇਟ ਵਿਚ ਹੈ। ਨਦੀਆਂ-ਨਾਲਿਆਂ ‘ਚ ਪਾਣੀ ਭਰ ਗਿਆ ਹੈ ਅਤੇ ਕਈ ਇਲਾਕੇ ਹੜ੍ਹ ਦੇ ਪਾਣੀ ‘ਚ ਡੁੱਬੇ ਹੋਏ ਹਨ। ਮੌਸਮ ਵਿਭਾਗ ਨੇ ਵੱਖ-ਵੱਖ ਰਾਜਾਂ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਕਾਰਜਾਂ ਦੀ ਸਥਿਤੀ ਨੂੰ ਲੈ ਕੇ ਚਿੰਤਾਵਾਂ ਨੂੰ ਵਧਾਉਂਦੇ ਹੋਏ ਪੂਰੇ ਦੇਸ਼ ਵਿੱਚ ਮੀਂਹ ਦੇ ਰੈੱਡ,ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਹਨ।
5. ਰਾਹਤ ਅਤੇ ਬਚਾਅ ਕਾਰਜ
ਭਾਰੀ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਭਾਰਤੀ ਸੈਨਾ, ਹਵਾਈ ਸੈਨਾ ਅਤੇ ਹੋਰ ਰਾਹਤ ਏਜੰਸੀਆਂ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜ ਚਲਾ ਰਹੀਆਂ ਹਨ। ਰਾਹਤ ਸਮੱਗਰੀ ਅਤੇ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਾਰੇ ਪ੍ਰਭਾਵਿਤ ਖੇਤਰਾਂ ‘ਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਭਵਿੱਖ ਵਿੱਚ ਵੀ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।