ਨਵੀਂ ਦਿੱਲੀ: ਦਿੱਲੀ ਦੀ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ (Aam Aadmi Party Leader Atishi ) ਨੇ ਮੰਗਲਵਾਰ ਯਾਨੀ ਅੱਜ ਸਵੇਰੇ 10 ਵਜੇ ਵੱਡਾ ਖੁਲਾਸਾ ਕਰਨਗੇ । ‘ਆਪ’ ਨੇਤਾ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ।ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਉਸ ਐਵੇਨਿਊ ਕੋਰਟ ‘ਚ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਈਡੀ ਨੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਦੇ ਹੋਏ ਕੁਝ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ।
ਈਡੀ ਨੇ ਅਦਾਲਤ ਨੂੰ ਦੱਸਿਆ ਕਿ ਸੀਐਮ ਕੇਜਰੀਵਾਲ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ ਅਤੇ ਸਵਾਲਾਂ ਦੇ ਅਸਪਸ਼ਟ ਜਵਾਬ ਦੇ ਰਹੇ ਹਨ। ਈਡੀ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਜਾਂਚ ਅਧਿਕਾਰੀਆਂ ਨੇ ‘ਆਪ’ ਮੁਖੀ ਕੇਜਰੀਵਾਲ ਤੋਂ ਇਸ ਮਾਮਲੇ ‘ਚ ਦੋਸ਼ੀ ਵਿਜੇ ਨਾਇਰ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਨਾਲ ਕੋਈ ਸਬੰਧ ਨਹੀਂ ਹੈ।ਈਡੀ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਵਿਜੇ ਨਾਇਰ ਦਾ ਬਿਆਨ ਦਿਖਾਉਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਵਿਜੇ ਨਾਇਰ ਉਨ੍ਹਾਂ ਨੂੰ ਨਹੀਂ ਸਗੋਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦਾ ਸੀ, ਵਿਜੇ ਨਾਇਰ ਦੀ ਉਨ੍ਹਾਂ ਨਾਲ ਬਹੁਤ ਘੱਟ ਗੱਲਬਾਤ ਹੁੰਦੀ ਸੀ। ਅਦਾਲਤ ਵਿੱਚ ਈਡੀ ਵੱਲੋਂ ਪੇਸ਼ ਹੋਏ ਏਐਸਜੀ ਨਾਇਰ ਨੇ ਜਿਵੇਂ ਹੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਦਾ ਨਾਂ ਲਿਆ ਤਾਂ ਦੋਵੇਂ ਹੈਰਾਨ ਰਹਿ ਗਏ।
ਈਡੀ ਮੁਤਾਬਕ ਵਿਜੇ ਨਾਇਰ ਨੇ ਖੁਦ ਕਿਹਾ ਹੈ ਕਿ ਉਹ ਇਕ ਕੈਬਨਿਟ ਮੰਤਰੀ ਦੇ ਘਰ ਰਹਿ ਕੇ ਆਬਕਾਰੀ ਨੀਤੀ ਬਣਾ ਰਿਹਾ ਸੀ। ਉਹ ਸੀਐਮ ਕੈਂਪ ਆਫਿਸ ਤੋਂ ਕੰਮ ਕਰਦੇ ਸਨ, ਇਸ ‘ਤੇ ਕੇਜਰੀਵਾਲ ਅਸਪਸ਼ਟ ਜਵਾਬ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਕੈਂਪ ਆਫਿਸ ‘ਚ ਕੌਣ ਕੰਮ ਕਰਦਾ ਹੈ, ਇਸ ਬਾਰੇ ਉਨ੍ਹਾਂ ਨੂੰ ਸਿੱਧੀ ਜਾਣਕਾਰੀ ਨਹੀਂ ਹੈ।ਈਡੀ ਨੇ ਅਦਾਲਤ ਨੂੰ ਦੱਸਿਆ ਕਿ ਵਿਜੇ ਨਾਇਰ ‘ਆਪ’ ਪਾਰਟੀ ਦਾ ਕੋਈ ਆਮ ਵਲੰਟੀਅਰ ਨਹੀਂ ਸੀ, ਸਗੋਂ ਸਮੁੱਚੇ ਮੀਡੀਆ ਸੰਚਾਰ ਸੈੱਲ ਦਾ ਮੁਖੀ ਸੀ। ਵਿਜੇ ਨਾਇਰ ਦੀਆਂ ਕਈ ਵਟਸਐਪ ਚੈਟ ਕੇਜਰੀਵਾਲ ਨੂੰ ਦਿਖਾਈਆਂ ਗਈਆਂ ਪਰ ਅਰਵਿੰਦ ਕੇਜਰੀਵਾਲ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਕੇਜਰੀਵਾਲ ਦੇ ਵੱਲੋਂ ਸੀਨੀਅਰ ਵਕੀਲ ਵਿਕਰਮ ਚੌਧਰੀ ਅਤੇ ਰਮੇਸ਼ ਗੁਪਤਾ ਪੇਸ਼ ਹੋਏ, ਜਦੋਂ ਕਿ ਐਡੀਸ਼ਨਲ ਸਾਲਿਸਟਰ ਜਨਰਲ (ਏਐਸਜੀ) ਐਸਵੀ ਰਾਜੂ ਨੇ ਈਡੀ ਦੀ ਤਰਫੋਂ ਦਲੀਲ ਦਿੱਤੀ। ਈਡੀ ਨੇ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੇ ਰਿਮਾਂਡ ਨੋਟ ਵਿੱਚ ਲਿਖਿਆ ਹੈ ਕਿ ਹਿਰਾਸਤ ਦੌਰਾਨ ਅਰਵਿੰਦ ਕੇਜਰੀਵਾਲ ਦਾ ਹੋਰ ਮੁਲਜ਼ਮਾਂ ਅਤੇ ਉਨ੍ਹਾਂ ਦੇ ਬਿਆਨਾਂ ਨਾਲ ਮੁਕਾਬਲਾ ਹੋਇਆ ਪਰ ਅਰਵਿੰਦ ਕੇਜਰੀਵਾਲ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ।ਇਸ ਤੋਂ ਬਾਅਦ ਏਐਸਜੀ ਰਾਜੂ ਨੇ ਨਿਆਂਇਕ ਹਿਰਾਸਤ ਦੀ ਮੰਗ ਕਰਦਿਆਂ ਕਿਹਾ ਕਿ ਸਾਨੂੰ ਰਿਮਾਂਡ ਨਹੀਂ ਚਾਹੀਦਾ। ਅਦਾਲਤ ਨੇ ਇਸ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।