ਚੰਡੀਗੜ੍ਹ: ਕਿਸਾਨਾ ਅਤੇ ਕੇਂਦਰ ਵਿਚਾਲੇ ਚਾਰ ਮੀਟਿੰਗਾਂ ਹੋਈਆ ਜੋ ਕਿ ਬੇਸਿੱਟਾਂ ਨਿਕਲੀਆਂ ਇਸ ਲਈ ਕਿਸਾਨ ਅੱਜ ਅਪਣਾ ‘ਦਿੱਲੀ ਚੱਲੋ’ ਮਾਰਚ ਮੁੜ ਸ਼ੁਰੂ ਕਰ ਰਹੇ ਹਨ। ਕਿਸਾਨ ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਹੱਦ ‘ਤੇ ਹਨ ਅਤੇ ਇਥੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਅਸੀਂ ਅਸ਼ਾਂਤੀ ਪੈਦਾ ਨਹੀਂ ਕਰਨਾ ਚਾਹੁੰਦੇ। ਕਿਸਾਨ ਦਿਨ-ਰਾਤ ਮਿਹਨਤ ਕਰਦੇ ਹਨ, ਜੇਕਰ ਉਨ੍ਹਾਂ ਨੂੰ ਰੋਕਣ ਲਈ ਵੱਡੇ-ਵੱਡੇ ਬੈਰੀਕੇਡ ਲਾਏ ਜਾ ਰਹੇ ਹਨ ਤਾਂ ਇਹ ਠੀਕ ਨਹੀਂ ਹੈ।

ਡੱਲੇਵਾਲ ਨੇ ਕਿਹਾ, “ਸਾਡਾ ਇਰਾਦਾ ਕਿਸੇ ਵੀ ਤਰ੍ਹਾਂ ਨਾਲ ਅਸ਼ਾਂਤੀ ਪੈਦਾ ਕਰਨਾ ਨਹੀਂ ਹੈ ਅਤੇ ਨਾ ਹੀ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅਜਿਹਾ ਕਰਨਾ ਹੈ। ਪਰ ਗੱਲ ਇਹ ਹੈ ਕਿ ਅਸੀਂ ਦਿੱਲੀ ਜਾਣ ਦੀ ਯੋਜਨਾ ਬਣਾਈ ਸੀ ਅਤੇ ਇਹ ਯੋਜਨਾ ਅੱਜ ਨਹੀਂ ਬਣੀ। 7 ਨਵੰਬਰ ਨੂੰ ਅਸੀਂ ਸੱਦਾ ਦਿਤਾ ਸੀ ਕਿ ਅਸੀਂ ਦਿੱਲੀ ਜਾਵਾਂਗੇ, ਇਸ ਲਈ ਅੱਜ ਜੇਕਰ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਸਮਾਂ ਘੱਟ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਹੈ”।

ਉਨ੍ਹਾਂ ਕਿਹਾ, “ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿਚ ਫੈਸਲਾ ਲੈਣਾ ਚਾਹੀਦਾ ਹੈ। ਦੇਸ਼ ਦੇ ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ। ਦੇਸ਼ ਵਿਚ ਸੱਤ ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਪਰ ਅਜਿਹੇ ਹਾਲਾਤ ਵਿਚ ਜੇਕਰ ਕਿਸਾਨਾਂ ਨਾਲ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਰੋਕਣ ਲਈ ਇੰਨੇ ਵੱਡੇ ਬੈਰੀਕੇਡ ਲਗਾ ਦਿਤੇ ਜਾਣ ਤਾਂ ਇਹ ਠੀਕ ਨਹੀਂ ਹੈ”।

ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਵਿਚ ਕਈ ਵੱਡੇ ਫ਼ੈਸਲੇ ਲੈਂਦੇ ਹਨ ਕੀ ਅੱਜ ਉਹ ਅਪਣੇ ਕਿਸਾਨਾਂ ਲਈ ਇਕ ਬਿਆਨ ਨਹੀਂ ਦੇ ਸਕਦੇ? ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ, ਇਸ ਲਈ ਉਨ੍ਹਾਂ ਨੂੰ ਦਿੱਲੀ ਜਾਣ ਦਿਤਾ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਜੇ ਸਰਕਾਰ ਇਕ ਹੱਥ ਵਧਾਏਗੀ ਤਾਂ ਕਿਸਾਨ ਦੋ ਹੱਥ ਅੱਗੇ ਵਧਾਉਣਗੇ।

Leave a Reply