ਤਾਮਿਲਨਾਡੂ : ਤਾਮਿਲਨਾਡੂ (Tamil Nadu) ‘ਚ ਸੱਤਾਧਾਰੀ ਪਾਰਟੀ ਦ੍ਰਵਿੜ ਮੁਨੇਤਰ ਕੜਗਮ (Dravida Munnetra Kazhagam) ਨੇ ਅੱਜ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੀਆਂ 39 ‘ਚੋਂ 21 ਸੀਟਾਂ ‘ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਅਤੇ ਐੱਮ. ਕਨੀਮੋਝੀ, ਟੀ.ਆਰ. ਬਾਲੂ ਅਤੇ ਏ. ਰਾਜਾ ਸਮੇਤ ਕੁਝ ਮੌਜੂਦਾ ਸੰਸਦ ਮੈਂਬਰਾਂ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਸੂਬੇ ਦੀਆਂ ਬਾਕੀ 18 ਸੀਟਾਂ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਵੀਸੀਕੇ ਸਮੇਤ ਹੋਰ ਸਹਿਯੋਗੀ ਪਾਰਟੀਆਂ ਨੂੰ ਅਲਾਟ ਕਰ ਦਿੱਤੀਆਂ ਹਨ।
ਡੀ.ਐਮ.ਕੇ ਨੇ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਨਾਲ ਆਪਣਾ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ, ਜਿਸ ਵਿੱਚ ਰਾਜਪਾਲਾਂ ਦੀ ਨਿਯੁਕਤੀ ਅਤੇ ਧਾਰਾ 356 ਨੂੰ ਰੱਦ ਕਰਨ ਵਰਗੇ ਵਿਸ਼ਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਤਾਮਿਲਨਾਡੂ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ 21 ਉਮੀਦਵਾਰਾਂ ਵਿੱਚੋਂ 11 ਨਵੇਂ ਚਿਹਰੇ ਹਨ। ਦੱਖਣੀ ਚੇਨਈ ਤੋਂ ਮੌਜੂਦਾ ਸੰਸਦ ਮੈਂਬਰ ਤਮਿਜ਼ਾਚੀ ਥੰਗਾਪਾਂਡਿਅਨ ਸਮੇਤ ਤਿੰਨ ਔਰਤਾਂ ਨੂੰ ਵੀ ਟਿਕਟ ਦਿੱਤੀ ਗਈ ਹੈ।
ਡੀਐਮਕੇ ਨੇ ਦਯਾਨਿਧੀ ਮਾਰਨ, ਸ. ਜਗਤਰਾਕਸ਼ਣ, ਕਲਾਨਿਧੀ ਵੀਰਾਸਵਾਮੀ, ਕਥੀਰ ਆਨੰਦ ਅਤੇ ਸੀ.ਐਨ. ਅੰਨਾਦੁਰਈ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ। ਡੀਐਮਕੇ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਰਾਜਪਾਲਾਂ ਦੀ ਨਿਯੁਕਤੀ ‘ਤੇ ਰਾਜਾਂ ਨਾਲ ਸਲਾਹ ਕਰਨ ਲਈ ਕਦਮ ਚੁੱਕਣ, ਧਾਰਾ 356 ਨੂੰ ਖਤਮ ਕਰਨ ਅਤੇ ਪੁਡੂਚੇਰੀ ਨੂੰ ਰਾਜ ਦਾ ਦਰਜਾ ਦੇਣ ਦਾ ਵਾਅਦਾ ਕੀਤਾ ਹੈ।