ਹਾਜੀਪੁਰ : ਅੱਜ ਤਲਵਾੜਾ ‘ਚ ਆਈ.ਵੀ.ਵਾਈ ਹੋਟਲ ਨੇੜੇ ਇਕ ਔਰਤ ਵਲੋਂ ਸ਼ਾਹ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਔਰਤ ਦੀ ਪਛਾਣ ਸੁਮਨ ਲਤਾ ਪਤਨੀ ਹਰਭਜਨ ਸਿੰਘ ਵਾਸੀ ਪਿੰਡ ਭੰਬੋਤਾੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਘਰ ਤੋਂ ਤਲਵਾੜਾ ਦੇ ਬੀ.ਬੀ.ਐਮ.ਬੀ ਹਸਪਤਾਲ ਵਿੱਚ ਦਵਾਈ ਲੈਣ ਆਈ ਸੀ।
ਇਸ ਦੌਰਾਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਜਿਵੇਂ ਹੀ ਨਹਿਰ ਦੇ ਕੰਢੇ ਲੱਕੜਾਂ ਇਕੱਠੀਆਂ ਕਰ ਰਹੇ ਲੋਕਾਂ ਨੇ ਔਰਤ ਨੂੰ ਨਹਿਰ ‘ਚ ਛਾਲ ਮਾਰਦੇ ਦੇਖਿਆ ਤਾਂ ਉਹ ਉਸ ਨੂੰ ਬਚਾਉਣ ਲਈ ਭੱਜੇ। ਪਰ ਬਹੁਤ ਦੇਰ ਹੋ ਚੁੱਕੀ ਸੀ। ਔਰਤ ਦੀ ਲਾਸ਼ ਨੂੰ ਕੁਝ ਦੂਰੀ ‘ਤੇ ਨਹਿਰ ‘ਤੇ ਬਣੇ ਛੋਟੇ ਪੁਲ ਨੇੜਿਓਂ ਕੱਢਿਆ ਗਿਆ। ਸੂਚਨਾ ਮਿਲਣ ‘ਤੇ ਤਲਵਾੜਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਤਲਵਾੜਾ ਦੇ ਬੀ.ਬੀ.ਐੱਮ.ਬੀ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।