ਲੁਧਿਆਣਾ: ਡਾਕ ਵਿਭਾਗ (The Postal Department) ਨੇ ਇਸ ਸਾਲ ਰੱਖੜੀ ਸਮੇਂ ਸਿਰ ਭੇਜਣ ਲਈ ਵਿਸ਼ੇਸ਼ ਲਿਫ਼ਾਫ਼ੇ ਜਾਰੀ ਕੀਤੇ ਹਨ। ਸੀਨੀਅਰ ਪੋਸਟ ਮਾਸਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਰੱਖੜੀ ਦਾ ਤਿਉਹਾਰ (The Rakhi Festival) 19 ਅਗਸਤ ਨੂੰ ਹੈ, ਜਿਸ ਦੇ ਮੱਦੇਨਜ਼ਰ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਰੱਖੜੀ ਦੇ ਲਿਫਾਫੇ ਵਾਜਬ ਕੀਮਤਾਂ ‘ਤੇ ਲਾਂਚ ਕੀਤੇ ਗਏ ਹਨ ।
ਇਹ ਲਿਫ਼ਾਫ਼ੇ ਲੁਧਿਆਣਾ ਸ਼ਹਿਰੀ ਮੰਡਲ ਅਧੀਨ ਪੈਂਦੇ ਡਾਕਘਰਾਂ ਵਿੱਚ ਉਪਲਬਧ ਹਨ। ਰੱਖੜੀ ਦੇ ਲਿਫ਼ਾਫ਼ੇ ਦੋ ਤਰ੍ਹਾਂ ਦੇ ਹੁੰਦੇ ਹਨ ਜੋ ਮਜ਼ਬੂਤ, ਹਲਕੇ ਭਾਰ ਵਾਲੇ ਅਤੇ ਸ਼ਾਨਦਾਰ ਪ੍ਰਿੰਟਿੰਗ ਵਾਲੇ ਹੁੰਦੇ ਹਨ। ਇਨ੍ਹਾਂ ਲਿਫਾਫਿਆਂ ਦੀ ਵਰਤੋਂ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਰੱਖੜੀ ਭੇਜਣ ਲਈ ਕੀਤੀ ਜਾ ਸਕਦੀ ਹੈ। ਰੱਖੜੀ ਅਤੇ ਇਸ ਨਾਲ ਸਬੰਧਤ ਸਾਮਾਨ ਵਿਦੇਸ਼ ਭੇਜਣ ਲਈ ਲੁਧਿਆਣਾ ਦੇ ਮੁੱਖ ਡਾਕਘਰ ਵਿੱਚ ਵਿਸ਼ੇਸ਼ ਕਾਊਂਟਰ ਸਥਾਪਤ ਕੀਤਾ ਗਿਆ ਹੈ।
ਇਹ ਕਾਊਂਟਰ ਕਸਟਮ ਕਲੀਅਰੈਂਸ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ਡਿਲੀਵਰੀ ਪ੍ਰਕਿਰਿਆ ਤੇਜ਼ ਹੁੰਦੀ ਹੈ। ਰੱਖੜੀ ਦੇ ਲਿਫਾਫੇ ਖਰੀਦਣ ਅਤੇ ਭਾਰਤ ਜਾਂ ਵਿਦੇਸ਼ ਵਿੱਚ ਰੱਖੜੀ ਮੇਲ ਭੇਜਣ ਲਈ, ਤੁਹਾਨੂੰ ਲੁਧਿਆਣਾ ਜਾਂ ਕਿਸੇ ਨੇੜਲੇ ਡਾਕਘਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਨਵਤੇਜ ਸਿੰਘ ਨਾਲ 98726-99023 ਜਾਂ ਡਾ: ਨਿਸ਼ੀ ਮਨੀ ਨਾਲ 88722-2711 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।