ਪਟਿਆਲਾ : ਝੋਨੇ ਦੀ ਖਰੀਦ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਸ਼ੈਲਰ ਮਾਲਕਾਂ ਨੇ ਪਹਿਲਾਂ ਹੀ ਸਰਕਾਰ ਨੂੰ ਸਟੋਰ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਹੈ ਅਤੇ ਹੁਣ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੇ ਵੀ ਖਰੀਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਾਰੀਆਂ ਖਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਇਸ ਮਾਮਲੇ ਵਿਚ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੂੰ ਪੱਤਰ ਲਿਖ ਕੇ ਆਪਣੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ।
ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਅਤੇ ਖਰੀਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਇਸ ਵਾਰ ਸ਼ੈਲ ਮਾਲਕਾਂ ਨੂੰ ਨਾ ਤਾਂ ਕੋਈ ਅਲਾਟਮੈਂਟ ਕੀਤੀ ਗਈ ਹੈ ਅਤੇ ਨਾ ਹੀ ਕੋਈ ਸਮਝੌਤਾ ਕੀਤਾ ਿਗਆ ਹੈ। ਇਸ ਕਾਰਨ ਮੰਡੀਆਂ ‘ਚ ਖਰੀਦੀ ਜਾ ਰਹੀ ਝੋਨੇ ਦੀ ਫਸਲ ਦਾ ਭੰਡਾਰਨ ਨਹੀਂ ਹੋ ਰਿਹਾ। ਅਜਿਹੇ ‘ਚ ਭੰਡਾਰਨ ਨਾ ਹੋਣ ਕਾਰਨ ਝੋਨੇ ਦੀ ਕਮੀ ਦਾ ਜ਼ਿੰਮੇਵਾਰ ਕੌਣ ਹੋਵੇਗਾ। ਸਾਂਝੀ ਤਾਲਮੇਲ ਕਮੇਟੀ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸ਼ੈਲਰ ਮਾਲਕਾਂ ਦੀ ਹੜਤਾਲ ਨਹੀਂ ਖੁੱਲ੍ਹਦੀ, ਉਦੋਂ ਤੱਕ ਉਹ ਹੋਰ ਖਰੀਦ ਨਹੀਂ ਕਰਨਗੇ ਅਤੇ ਜਦੋਂ ਸ਼ੈਲਰ ਮਾਲਕਾਂ ਦੀ ਹੜਤਾਲ ਖੁੱਲ੍ਹੇਗੀ ਤਾਂ ਉਨ੍ਹਾਂ ਵੱਲੋਂ ਖਰੀਦ ਸ਼ੁਰੂ ਕੀਤੀ ਜਾਵੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆੜ੍ਹਤੀਆਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ ਖਰੀਦੇ ਜਾਣ ਵਾਲੇ ਸਾਮਾਨ ਨੂੰ ਸਟੋਰ ਕਰਨ ਤੋਂ ਬਾਅਦ ਹੀ ਅੱਗੇ ਦੀ ਖਰੀਦ ਦੀ ਇਜਾਜ਼ਤ ਦੇਣਗੇ, ਕਿਉਂਕਿ ਹਰ ਕਿਸੇ ਨੂੰ ਇਸ ਗੱਲ ਦਾ ਖਤਰਾ ਹੈ ਕਿ ਖਰੀਦ ਤੋਂ ਬਾਅਦ ਜੋ ਕਮੀ ਹੋਵੇਗੀ ਉਸ ਕਮੀ ਨੂੰ ਕੌਣ ਸਹਿਣ ਕਰੇਗਾ।
ਇਸ ਲਈ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਨੇ ਖਰੀਦ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸ਼ੈਲਰ ਮਾਲਕਾਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ ਅਤੇ ਸ਼ੈਲਰ ਮਾਲਕਾਂ ਨੇ ਅੱਜ ਵੀ ਅਲਾਟਮੈਂਟ ਲਈ ਆਪਣੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ, ਜਿਸ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਅਤੇ ਖਰੀਦ ਅਧਿਕਾਰੀਆਂ ਦੇ ਇਸ ਫ਼ੈਸਲੇ ਨਾਲ ਸਰਕਾਰ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦੇ ਦਾਅਵੇ ਵੀ ਹਵਾ ‘ਚ ਸਾਬਤ ਹੋਏ ਅਤੇ ਨਤੀਜਾ ਇਹ ਹੋਇਆ ਕਿ ਸਰਕਾਰ ਵੱਲੋਂ ਪਿਛਲੇ 2 ਦਿਨਾਂ ਤੋਂ ਅਧਿਕਾਰੀਆਂ ਨੂੰ ਮੰਡੀਆਂ ‘ਚ ਭੇਜ ਕੇ ਖਰੀਦ ਦੇ ਦਾਅਵੇ ਕੀਤੇ ਜਾ ਰਹੇ ਸਨ। ਉਹ ਅਧਿਕਾਰੀ ਵੀ ਅੱਜ ਮੰਡੀਆਂ ਵਿੱਚ ਨਜ਼ਰ ਨਹੀਂ ਆਏ। ਅੱਜ ਸਿਰਫ ਕਿਸਾਨ ਹੀ ਮੰਡੀਆਂ ‘ਚ ਆਪਣੀ ਫਸਲ ਨੂੰ ਲੈ ਕੇ ਪੂਰਾ ਦਿਨ ਖਰੀਦਦਾਰਾਂ ਦਾ ਇੰਤਜ਼ਾਰ ਕਰਦੇ ਰਹੇ ਅਤੇ ਸ਼ਾਮ ਤੱਕ ਕੋਈ ਵੀ ਮੰਡੀਆਂ ‘ਚ ਨਹੀਂ ਪਹੁੰਚਿਆ। ਇੱਥੇ ਮੰਡੀਆਂ ‘ਚ ਝੋਨੇ ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ ਅਤੇ ਜੇਕਰ ਇਹੀ ਸਥਿਤੀ ਰਹੀ ਤਾਂ ਅਗਲੇ 2-3 ਦਿਨਾਂ ‘ਚ ਮੰਡੀਆਂ ‘ਚ ਝੋਨੇ ਦੀ ਫਸਲ ਰੱਖਣ ਲਈ ਜਗ੍ਹਾ ਨਹੀਂ ਰਹੇਗੀ।