ਜੇਕਰ ਤੁਹਾਡਾ ਬੱਚਾ ਵੀ ਤੁਹਾਡੀ ਗੱਡੀ ਚਲਾਉਂਦਾ ਹੈ ਤਾਂ ਹੋ ਜਾਓ ਸਾਵਧਾਨ
By admin / July 22, 2024 / No Comments / Punjabi News
ਪੰਜਾਬ : ਜੇਕਰ ਤੁਹਾਡਾ ਬੱਚਾ ਵੀ ਤੁਹਾਡੀ ਗੱਡੀ ਚਲਾਉਂਦਾ ਹੈ ਤਾਂ ਹੋ ਜਾਓ ਸਾਵਧਾਨ। ਦਰਅਸਲ, ਹੁਣ ਜੇਕਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਕੂਟਰ, ਮੋਟਰਸਾਈਕਲ ਜਾਂ ਕਾਰ ਚਲਾਉਂਦੇ ਫੜੇ ਜਾਂਦੇ ਹਨ, ਤਾਂ ਉਨ੍ਹਾਂ ਮਾਪਿਆਂ ਲਈ ਮੁਸੀਬਤ ਬਣ ਸਕਦੀ ਹੈ। ਕਿਉਂਕਿ ਪੰਜਾਬ ਵਿੱਚ ਇਸ ਮਾਮਲੇ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਜਿਸ ਕਾਰਨ ਹੁਣ ਪੰਜਾਬ ਪੁਲਿਸ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ 2-ਪਹੀਆ ਅਤੇ 4-ਪਹੀਆ ਵਾਹਨ ਚਲਾਉਣ ‘ਤੇ ਪਾਬੰਦੀ ਬਾਰੇ ਜਾਗਰੂਕ ਕਰੇਗੀ। ਇਸ ਸਬੰਧੀ ਪੰਜਾਬ ਪੁਲਿਸ ਦੇ ਟਰੈਫਿਕ ਅਤੇ ਰੋਡ ਸੇਫਟੀ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਟ੍ਰੈਫਿਕ ਐਜੂਕੇਸ਼ਨ ਸੈੱਲ/ਟਰੈਫਿਕ ਸਟਾਫ਼ ਰਾਹੀਂ ਆਮ ਲੋਕਾਂ ਨੂੰ ਜ਼ਿਲ੍ਹਾ ਪੱਧਰ ‘ਤੇ ਲੋਕ ਸੰਪਰਕ ਅਫ਼ਸਰ ਰਾਹੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਇੱਕ ਮਹੀਨੇ ਤੱਕ ਮੋਟਰ ਵਹੀਕਲ ਐਕਟ ਦੀ ਧਾਰਾ 199-ਏ ਅਤੇ 199-ਬੀ ਦੇ ਬਾਰੇ ‘ਚ ਜਾਗਰੂਕ ਕੀਤਾ ਜਾਵੇ ਕਿ ਜੇਕਰ ਕੋਈ ਨਾਬਾਲਗ ਬੱਚਾ 31 ਜੁਲਾਈ ਤੋਂ ਬਾਅਦ ਦੋਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਪਾਇਆ ਗਿਆ ਅਤੇ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਪਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਜਿਹਾ ਹੋਣ ‘ਤੇ ਉਨ੍ਹਾਂ ਨੂੰ 3 ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਹੋਰ ਤੋਂ ਦੋਪਹੀਆ ਜਾਂ ਚਾਰ ਪਹੀਆ ਵਾਹਨ ਉਧਾਰ ਲੈ ਕੇ ਚਲਾਉਂਦਾ ਹੈ ਤਾਂ ਉਸ ਵਾਹਨ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ। ਇਸ ਸਬੰਧੀ ਕੀਤੀ ਗਈ ਕਾਰਵਾਈ ਅਤੇ 1 ਅਗਸਤ ਨੂੰ ਦਿਨ-ਰਾਤ ਲਗਾਏ ਜਾਣ ਵਾਲੇ ਕੈਂਪਾਂ ਦੀਆਂ ਫੋਟੋਆਂ, ਸਥਾਨਾਂ ਅਤੇ ਅਖਬਾਰਾਂ ਦੀ ਕਟਿੰਗ ਇਸ ਦਫ਼ਤਰ ਨੂੰ ਭੇਜੀ ਜਾਵੇ।