ਸ਼੍ਰੀਨਗਰ : ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ‘ਚ ਸ਼੍ਰੀਨਗਰ ਦੇ ਬਟਵਾੜਾ ਨੇੜੇ ਜਿਹਲਮ ਨਦੀ ‘ਚ ਅੱਜ ਸਵੇਰੇ ਕਿਸ਼ਤੀ ਪਲਟਣ ਨਾਲ 5 ਨਾਬਾਲਗ ਵਿਦਿਆਰਥੀਆਂ ਸਮੇਤ 6 ਲੋਕ ਡੁੱਬ ਗਏ, ਜਦਕਿ 5 ਨੂੰ ਬਚਾ ਲਿਆ ਗਿਆ ਅਤੇ 3 ਹੋਰ ਲਾਪਤਾ ਹਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਨਾਬਾਲਗ ਵਿਦਿਆਰਥੀਆਂ ਨੂੰ ਸਥਾਨਕ ਸਕੂਲ ਲਿਜਾ ਰਹੀ ਕਿਸ਼ਤੀ ਪਲਟ ਗਈ, ਜਿਸ ਕਾਰਨ 5 ਨਾਬਾਲਗਾਂ ਦੀ ਮੌਤ ਹੋ ਗਈ ਅਤੇ ਕਿਸ਼ਤੀ ‘ਚ ਸਵਾਰ 5 ਵਿਦਿਆਰਥੀਆਂ ਨੂੰ ਬਚਾਅ ਕਰਮਚਾਰੀਆਂ ਨੇ ਬਚਾ ਲਿਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਦੇ ਤੁਰੰਤ ਬਾਅਦ ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ., ਸਥਾਨਕ ਪੁਲਿਸ ਅਤੇ ਸਥਾਨਕ ਲੋਕਾਂ ਵਲੋਂ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ ਗਈ।
11 ਲੋਕਾਂ ਨੂੰ ਤੁਰੰਤ ਲੱਭ ਕੇ ਹਸਪਤਾਲ ਲਿਜਾਇਆ ਗਿਆ, ਹਾਲਾਂਕਿ ਇਨ੍ਹਾਂ ‘ਚੋਂ 6 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ 5 ਹੋਰਾਂ ਨੂੰ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਤਿੰਨ ਹੋਰ ਲਾਪਤਾ ਵਿਦਿਆਰਥੀਆਂ ਦੀ ਭਾਲ ਲਈ ਵੱਡੇ ਪੱਧਰ ‘ਤੇ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ, ਕਸ਼ਮੀਰ ਦੇ ਆਈ.ਜੀ.ਪੀ., ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਅਤੇ ਸ੍ਰੀਨਗਰ ਦੇ ਐਸ.ਐਸ.ਪੀ. ਗੰਡਾਬਲ ਬਟਵਾੜਾ ਵਿੱਚ ਹਨ ਅਤੇ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ।