ਟੋਕੀਓ : ਜਾਪਾਨ ਦੀ ਰਾਜਧਾਨੀ ਟੋਕੀਓ ਦੇ ਉੱਤਰ-ਪੂਰਬ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 10:07 ਵਜੇ ਆਇਆ, ਜਿਸ ਦੀ ਤੀਬਰਤਾ 4.8 ਦਰਜ ਕੀਤੀ ਗਈ। ਹਾਲਾਂਕਿ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਰ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਨਿਕਲ ਕੇ ਸੜਕ ‘ਤੇ ਆ ਗਏ।
ਭੂਚਾਲ ਦੀ ਡੂੰਘਾਈ 90 ਕਿਲੋਮੀਟਰ ਸੀ। ਜੋ ਕਿ ਉੱਤਰੀ ਇਬਾਰਾਕੀ ਪ੍ਰੀਫੈਕਚਰ ਦੇ 36.8 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 140.8 ਡਿਗਰੀ ਪੂਰਬੀ ਦੇਸ਼ਾਂਤਰ ਦੇ ਨੇੜੇ ਆਇਆ ਸੀ। ਭੂਚਾਲ ਦੇ ਝਟਕੇ ਕੇਂਦਰੀ ਟੋਕੀਓ ਤੱਕ ਮਹਿਸੂਸ ਕੀਤੇ ਗਏ, ਪਰ ਮੌਸਮ ਵਿਭਾਗ ਵੱਲੋਂ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਜੂਨ 2024 ਵਿੱਚ ਵੀ ਜਾਪਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜਾਪਾਨ ਦੇ ਫੁਕੁਸ਼ੀਮਾ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ।