ਪੰਜਾਬ: ਪੰਜਾਬ ਦੀ ਸਿਆਸਤ ਵਿੱਚ ਬਹੁਤ ਹੀ ਚਰਚਿਤ ਬੇਅਦਬੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਜ਼ੋਰਾ ਸਿੰਘ (Justice Zora Singh) ਨੇ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦਿਆਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਇਲਾਕੇ ਵਿੱਚ ਗੁਰੂ ਗ੍ਰੰਥ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਇੱਕ ਸਮੇਂ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਨੂੰ ਕਾਫੀ ਤਣਾਅਪੂਰਨ ਬਣਾ ਦਿੱਤਾ ਸੀ। ਇਨ੍ਹਾਂ ਮਾਮਲਿਆਂ ਵਿੱਚ ਪਹਿਲਾ ਜਾਂਚ ਕਮਿਸ਼ਨ ਜੱਜ ਜ਼ੋਰਾ ਸਿੰਘ ਦੀ ਅਗਵਾਈ ਵਿੱਚ ਬਣਾਇਆ ਗਿਆ ਸੀ।

24 ਦਸੰਬਰ 2018 ਨੂੰ ਜੱਜ ਜ਼ੋਰਾ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਂਦੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਮਾਮਲਾ ਅਜੇ ਵੀ ਜਿਉਂ ਦਾ ਤਿਉਂ ਹੈ।

ਹੁਣ ਜੱਜ ਜ਼ੋਰਾ ਸਿੰਘ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਵਾਂਗ ਆਮ ਆਦਮੀ ਪਾਰਟੀ ਵੀ ਜੁਮਲਾ ਪਾਰਟੀ ਬਣ ਕੇ ਰਹਿ ਗਈ ਹੈ। ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਪਰ ਉਨ੍ਹਾਂ ਨਹੀਂ ਕੀਤੀ।

ਹੁਣ ਉਹ ਲੋਕਾਂ ਵਿੱਚ ਆਪਣਾ ਸੰਦੇਸ਼ ਲੈ ਕੇ ਜਾਣਗੇ। ਸਾਬਕਾ ਕਾਮੇਡੀਅਨ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਲਏ ਬਿਨਾਂ ਜੋਰਾ ਸਿੰਘ ਨੇ ਕਿਹਾ ਕਿ ਲੋਕ ਚੁਟਕਲੇ ਸੁਣਨਾ ਪਸੰਦ ਨਹੀਂ ਕਰਦੇ। ਸਾਨੂੰ ਸਿਰਫ ਉਹੀ ਪਾਰਟੀ ਪਸੰਦ ਹੈ ਜੋ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰੇ।

Leave a Reply