ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ‘ਚ ਜਲ ਸੰਕਟ ਨੂੰ ਲੈ ਕੇ ਦਿੱਲੀ ਦੇ ਜਲ ਮੰਤਰੀ ਆਤਿਸ਼ੀ (Delhi Water Minister Atishi) ਦਾ ਅਣਮਿੱਥੇ ਸਮੇਂ ਦਾ ਵਰਤ ਅੱਜ ਦੂਜੇ ਦਿਨ ਵੀ ਜਾਰੀ ਹੈ। ਦੱਖਣੀ ਦਿੱਲੀ ਦੇ ਭੋਗਲ ਵਿੱਚ ਆਪਣੇ ‘ਜਲ ਸੱਤਿਆਗ੍ਰਹਿ’ ਸਥਾਨ ਤੋਂ ਇੱਕ ਵੀਡੀਓ ਸੰਦੇਸ਼ ਵਿੱਚ, ਆਤਿਸ਼ੀ ਨੇ ਕਿਹਾ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਣਗੇ ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ ਨਹੀਂ ਛੱਡਦਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ 28 ਲੱਖ ਲੋਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।
ਮੰਤਰੀ ਦਾ ਅਣਮਿੱਥੇ ਸਮੇਂ ਦਾ ਵਰਤ ਬੀਤੇ ਦਿਨ ਸ਼ੁਰੂ ਹੋਇਆ ਅਤੇ ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਯਮੁਨਾ ਨਦੀ ਵਿੱਚ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡ ਰਿਹਾ।ਉਨ੍ਹਾਂ ਕਿਹਾ ਕਿ ਬੀਤੇ ਦਿਨ ਹਰਿਆਣਾ ਨੇ 11 ਕਰੋੜ ਗੈਲਨ ਪ੍ਰਤੀ ਦਿਨ (ਐਮ.ਜੀ.ਡੀ.) ਘੱਟ ਪਾਣੀ ਛੱਡਿਆ। ਉਨ੍ਹਾਂ ਕਿਹਾ, “ਇਕ ਐਮ.ਜੀ.ਡੀ. ਪਾਣੀ 28,000 ਲੋਕਾਂ ਨੂੰ ਪਾਣੀ ਸਪਲਾਈ ਕਰਦਾ ਹੈ। 100 ਐਮ.ਜੀ.ਡੀ. ਪਾਣੀ ਦੀ ਕਮੀ ਦਾ ਮਤਲਬ ਹੈ ਕਿ ਦਿੱਲੀ ਦੇ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ।
ਜਲ ਮੰਤਰੀ ਨੇ ਕਿਹਾ ਕਿ ਦਿੱਲੀ ਨੂੰ ਪਾਣੀ ਲਈ ਗੁਆਂਢੀ ਰਾਜਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਤੋਂ ਇਹ ਨਦੀਆਂ ਅਤੇ ਨਹਿਰਾਂ ਰਾਹੀਂ 1,005 ਐਮ.ਜੀ.ਡੀ. ਪਾਣੀ ਪ੍ਰਾਪਤ ਕਰਦਾ ਹੈ, ਜਿਸ ਵਿੱਚੋਂ ਹਰਿਆਣਾ 613 ਐਮ.ਜੀ.ਡੀ. ਪਾਣੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਚੱਲ ਰਹੀ ਭਿਆਨਕ ਗਰਮੀ ਦੌਰਾਨ ਹਰਿਆਣਾ ਪਿਛਲੇ ਕੁਝ ਹਫ਼ਤਿਆਂ ਤੋਂ ਸਿਰਫ਼ 513 ਐਮ.ਜੀ.ਡੀ. ਪਾਣੀ ਹੀ ਦੇ ਰਿਹਾ ਹੈ, ਜਿਸ ਕਾਰਨ 28 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਰਹੇ ਹਨ।