ਜਲੰਧਰ ਪੁਲਿਸ ਨੇ 2.5 ਕਿਲੋ ਅਫੀਮ ਸਮੇਤ 6 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
By admin / March 8, 2024 / No Comments / Punjabi News
ਜਲੰਧਰ : ਸਪੈਸ਼ਲ ਸੈੱਲ ਕਮਿਸ਼ਨਰੇਟ ਜਲੰਧਰ (Special Cell Commissionerate Jalandhar) ਨੇ ਜਲੰਧਰ ਕੈਂਟ ਥਾਣਾ ਅਤੇ ਸਦਰ ਜਮਸ਼ੇਰ ਥਾਣੇ ਤੋਂ ਅਫੀਮ ਸਮੇਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ।ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (Police Commissioner Swapan Sharma) ਦੀ ਅਗਵਾਈ ‘ਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਵੱਡੀ ਕਾਰਵਾਈ ‘ਚ 6 ਤਸਕਰਾਂ ਨੂੰ 2.5 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸ਼ਹਿਰ ‘ਚ ਨਸ਼ੇ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਕਮਿਸ਼ਨਰੇਟ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ।
ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਕੋਟ ਕਲਾਂ ਚੌਕ ਜਲੰਧਰ ਵਿਖੇ ਚੈਕਿੰਗ ਕੀਤੀ ਤਾਂ ਫਗਵਾੜਾ ਤੋਂ ਜਲੰਧਰ ਜਾ ਰਹੀ ਹੌਂਡਾ ਸਿਟੀ (ਡੀ.ਐੱਲ.13-ਸੀ-2660) ਨੂੰ ਰੋਕਿਆ ਗਿਆ। ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਸਵਾਰਾਂ ਨੇ ਤੇਜ਼ੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਕਾਰ ਰੋਕ ਕੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ।
ਤਿੰਨਾਂ ਮੁਲਜ਼ਮਾਂ ਦੀ ਪਛਾਣ ਵਿਕਾਸ ਸਿੰਘ ਵਾਸੀ ਬਲਾਕ ਏ.ਐਚ. ਨੰਬਰ 10 ਸ਼ਾਰਦ ਸਿਟੀ ਥਾਣਾ ਜ਼ਿਲ੍ਹਾ ਗਾਜ਼ੀਆਬਾਦ ਯੂਪੀ, ਪਵਨ ਵਾਸੀ ਪਿੰਡ ਮਹਿਮੂਰ ਥਾਣਾ ਕਾਦਰ ਚੌਕ ਜ਼ਿਲ੍ਹਾ ਬਦਾਊ ਯੂਪੀ ਅਤੇ ਲੱਕੀ ਮੰਡਲ ਵਾਸੀ ਪਿੰਡ ਨੇਵਾਦਾ ਪੀ.ਐਸ. ਕਾਲੀਆ ਚੌਕ ਜ਼ਿਲ੍ਹਾ ਮਾਲਦਾ ਪੱਛਮੀ ਬੰਗਾਲ ਵਜੋਂ ਹੋਈ ਹੈ। ਇਨ੍ਹਾਂ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ ਹੈ।
ਤਿੰਨੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਐਫਆਈਆਰ 23 ਮਿਤੀ 06-03-2024 ਨੂੰ 18-61-85 ਐਨਡੀਪੀਐਸ ਐਕਟ ਥਾਣਾ ਕੈਂਟ ਜਲੰਧਰ ਵਿਖੇ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਵਾਈ-ਪੁਆਇੰਟ ਪ੍ਰਤਾਪ ਪੁਰਾ, ਜਲੰਧਰ ਵਿਖੇ ਪੁਲਿਸ ਪਾਰਟੀ ਨੇ ਪਿੰਡ ਪ੍ਰਤਾਪ ਪੁਰਾ ਜਲੰਧਰ ਤੋਂ ਇੱਕ ਆਲਟੋ (ਕੇ-10) ਕਾਰ (ਪੀ.ਬੀ.36-ਐਚ-9509) ਨੂੰ ਰੋਕਿਆ।
ਤਲਾਸ਼ੀ ਦੌਰਾਨ 500 ਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਮੁਖ ਸਿੰਘ ਉਰਫ ਗੋਪੀ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਪਾਸਲਾ ਥਾਣਾ ਨੂਰਮਹਿਲ ਜਲੰਧਰ, ਕੁਲਦੀਪ ਕੁਮਾਰ ਉਰਫ ਦੀਪੀ ਪੁੱਤਰ ਪ੍ਰੀਤਮ ਦਾਸ ਵਾਸੀ ਗਲੀ ਨੰਬਰ 02 ਕੀਰਤੀ ਨਗਰ ਧਰਮਕੋਟ ਅਤੇ ਇੰਦਰਜੀਤ ਸਿੰਘ ਉਰਫ ਮੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਗੁਰੂ ਅਰਜਨ ਨਗਰ ਥਾਣਾ ਸਿਟੀ ਫਗਵਾੜਾ ਕਪੂਰਥਲਾ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਥਾਣਾ ਸਦਰ ਜਲੰਧਰ ਵਿਖੇ ਐਫ.ਆਈ.ਆਰ 49 ਮਿਤੀ 06-03-2024 ਨੂੰ 18-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ। ਗੁਰਮੁੱਖ ਸਿੰਘ ਅਤੇ ਕੁਲਦੀਪ ਕੁਮਾਰ ‘ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ, ਜਦਕਿ ਇੰਦਰਜੀਤ ਸਿੰਘ ਖ਼ਿਲਾਫ਼ ਜਲੰਧਰ ਵਿੱਚ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਏ.ਸੀ.ਪੀ ਕ੍ਰਾਈਮ ਪਰਮਜੀਤ ਸਿੰਘ ਨੇ ਦੱਸਿਆ ਕਿ ਕੁੱਲ 6 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 2.5 ਕਿਲੋ ਅਫੀਮ ਬਰਾਮਦ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਜਲੰਧਰ ਕੈਂਟ ਥਾਣੇ ਅਤੇ ਸਦਰ ਜਮਸ਼ੇਰ ਥਾਣੇ ਵਿੱਚ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਨੂੰ ਪੁਲਿਸ ਹਿਰਾਸਤ ‘ਚ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।