ਜਲੰਧਰ : ਕ੍ਰਾਈਮ ਬ੍ਰਾਂਚ ਕਮਿਸ਼ਨਰੇਟ ਜਲੰਧਰ (Jalandhar) ਦੇ ਇੰਚਾਰਜ ਹਰਿੰਦਰ ਸਿੰਘ ਦੀ ਟੀਮ ਨੇ ਇਕ ਨਸ਼ਾ ਤਸਕਰ ਨੂੰ 102 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। 32 ਸਾਲਾ ਦੋਸ਼ੀ ਦਿੱਲੀ ਏਅਰਪੋਰਟ ‘ਤੇ ਇਕ ਕਾਰਗੋ ਕੰਪਨੀ ‘ਚ ਕੰਮ ਕਰਦਾ ਸੀ ਪਰ ਆਰਥਿਕ ਮੰਦੀ ਵਧਣ ‘ਤੇ ਉਹ ਹੈਰੋਇਨ ਦਾ ਤਸਕਰ ਬਣ ਗਿਆ।

ਇੰਸ. ਹਰਿੰਦਰ ਸਿੰਘ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਟੀ-ਪੁਆਇੰਟ ਰਾਜ ਨਗਰ ਨੇੜੇ ਸਰਵਿਸ ਰੋਡ ਨਹਿਰ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੁਹੱਲਾ ਰਾਜਨਗਰ ਵੱਲੋਂ ਪੈਦਲ ਆ ਰਹੇ ਇੱਕ ਨੌਜਵਾਨ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਸ ਵੱਲੋਂ ਪਾਈ ਹੋਈ ਕੈਪਰੀ ਦੀ ਸੱਜੀ ਜੇਬ ਵਿੱਚੋਂ ਮੋਮੀ ਦਾ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।

ਪਰ ਨੌਜਵਾਨ ਭੱਜਣ ਵਿੱਚ ਅਸਫਲ ਰਿਹਾ। ਉੱਥੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਨੌਜਵਾਨ ਨੇ ਆਪਣਾ ਨਾਮ ਸ਼ਿਵ ਕੁਮਾਰ ਫਿਰਕੀ ਪੁੱਤਰ ਅਸ਼ੋਕ ਕੁਮਾਰ ਵਾਸੀ 2/273 ਮਧੂਬਨ ਕਲੋਨੀ, ਰਾਜ ਨਗਰ ਬਸਤੀ ਬਾਵਾ ਖੇਲ, ਜਲੰਧਰ ਦੱਸਿਆ ਹੈ। ਲਿਫਾਫੇ ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ ਉਕਤ ਹੈਰੋਇਨ ਬਰਾਮਦ ਹੋਈ, ਜਿਸ ਨੂੰ ਪੁਲਿਸ ਪਾਰਟੀ ਨੇ ਗ੍ਰਿਫ਼ਤਾਰ ਕਰਕੇ ਦੋਸ਼ੀ ਸ਼ਿਵ ਕੁਮਾਰ ਦੇ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ‘ਚ ਮੁਕੱਦਮਾ ਨੰਬਰ 85 ਦਰਜ ਕਰਕੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Leave a Reply