ਜਲੰਧਰ : ਜਲੰਧਰ (Jalandhar) ‘ਚ ਅੱਜ ਸਵੇਰੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਨਾਖਾ ਵਾਲੇ ਬਾਗ ਨੇੜੇ ਵਡਾਲਾ ਚੌਕ ‘ਚ ਦੋ ਗੈਂਗਸਟਰਾਂ ਅਤੇ ਸੀ.ਆਈ.ਏ ਸਟਾਫ ਵਿਚਾਲੇ ਗੋਲੀਆਂ ਚੱਲੀਆਂ। ਇਸੇ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੈਂਗਸਟਰ ਗੰਭੀਰ ਰੂਪ ‘ਚ ਜ਼ਖਮੀ ਹਨ ਅਤੇ ਹਸਪਤਾਲ ‘ਚ ਦਾਖਲ ਹਨ। ਫੜੇ ਗਏ ਮੁਲਜ਼ਮ ਕਤਲ, ਸੁਪਾਰੀ ਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਸਨ।

ਇਸ ਮੁਕਾਬਲੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਬੱਚ ਗਈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੀ ਪੱਗ ‘ਚ ਫਸ ਗਈ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ ਅਤੇ ਸੱਟ ਨਹੀਂ ਲੱਗੀ। ਦੱਸ ਦਈਏ ਕਿ ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਅੱਜ ਸਵੇਰੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਦੋ ਗੈਂਗਸਟਰ ਇੱਕ ਕਾਰ ਵਿੱਚ ਜਲੰਧਰ ਵਿੱਚ ਘੁੰਮ ਰਹੇ ਹਨ ਅਤੇ ਵਡਾਲਾ ਚੌਕ ਰਾਹੀਂ ਨਾਖਾ ਵਾਲੇ ਬਾਗ ਇਲਾਕੇ ਵਿੱਚ ਜਾ ਰਹੇ ਹਨ। ਅਜਿਹੇ ਵਿੱਚ ਸੀਆਈਏ ਸਟਾਫ ਨੇ ਇੱਥੇ ਜਾਲ ਵਿਛਾ ਦਿੱਤਾ। ਜਿਵੇਂ ਹੀ ਪੁਲਿਸ ਨੇ ਗੈਂਗਸਟਰਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸੀਆਈਏ ਸਟਾਫ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਵਾਬੀ ਕਾਰਵਾਈ ਵਿੱਚ ਸੀਆਈਏ ਸਟਾਫ਼ ਨੇ ਵੀ ਗੋਲੀਆਂ ਚਲਾਈਆਂ। ਗੋਲੀ ਲੱਗਣ ਨਾਲ ਦੋਵੇਂ ਗੈਂਗਸਟਰ ਜ਼ਖਮੀ ਹੋ ਗਏ ਅਤੇ ਕਾਬੂ ਕਰਕੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਸੀਪੀ ਵੀ ਮੌਕੇ ‘ਤੇ ਪਹੁੰਚ ਗਏ ਸਨ। ਪੁਲਿਸ ਪਾਰਟੀ ਦੇ ਸਾਰੇ ਜਵਾਨ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਸੀਆਈਏ ਸਟਾਫ਼ ਦੀ ਟੀਮ ਦੇਰ ਰਾਤ ਤੋਂ ਇਨ੍ਹਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ ਜਦਕਿ ਕਾਰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ।

Leave a Reply