ਪਟਿਆਲਾ: ਪਟਿਆਲਾ ਵਿੱਚ ਜਨਮ ਦਿਨ ਦਾ ਕੇਕ ਖਾਣ ਕਾਰਨ ਇੱਕ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਕ ਖਾਣ ਕਾਰਨ 10 ਸਾਲਾ ਮਾਸੂਮ ਮਾਨਵੀ ਦੀ ਮੌਤ ਹੋ ਗਈ ਸੀ, ਹੁਣ ਉਸ ਦੇ ਪਰਿਵਾਰਕ ਮੈਂਬਰਾਂ ਨੇ ਖੁਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰ ਡਰੱਗਜ਼ ਫੂਡ ਐਂਡ ਕੈਮੀਕਲ ਟੈਸਟਿੰਗ ਲੈਬ, ਖਰੜ ਵਿਖੇ ਪਹੁੰਚ ਗਏ ਹਨ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅਜੇ ਤੱਕ ਬੇਕਰੀ ਮਾਲਕ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਮ੍ਰਿਤਕ ਮਾਨਵੀ ਦੇ ਨਾਨੇ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਬੇਟੀ ਨਾਲ ਜੋ ਹੋਇਆ ਉਹ ਕਿਸੇ ਹੋਰ ਨਾਲ ਹੋਵੇ। ਇਸ ਕਾਰਨ ਬੀਤੇ ਦਿਨ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਦੱਸ ਦੇਈਏ ਕਿ ਪਟਿਆਲਾ ‘ਚ 10 ਸਾਲਾ ਮਾਨਵੀ ਦੀ ਜਨਮ ਦਿਨ ‘ਤੇ ਕੇਕ ਖਾਣ ਨਾਲ ਮੌਤ ਹੋ ਗਈ ਸੀ। ਮਾਨਵੀ ਦੀ ਮਾਂ ਕਾਜਲ ਨੇ ਦੱਸਿਆ ਸੀ ਕਿ ਮਾਨਵੀ ਦਾ ਜਨਮ ਦਿਨ 24 ਮਾਰਚ ਨੂੰ ਸੀ ਅਤੇ ਇਸ ਸਬੰਧੀ ਉਕਤ ਦੁਕਾਨ ਤੋਂ ਕੇਕ ਮੰਗਵਾਇਆ ਗਿਆ ਅਤੇ ਕੇਕ ਸ਼ਾਮ 7 ਵਜੇ ਕੱਟਿਆ ਗਿਆ ਅਤੇ ਕੇਕ ਖਾਣ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਬਿਮਾਰ ਹੋ ਗਏ। ਮਾਨਵੀ ਨੇ ਵੀ ਉਲਟੀ ਕੀਤੀ ਅਤੇ ਰਾਤ ਨੂੰ ਉਲਟੀ ਕਰਕੇ ਸੌਂ ਗਈ। ਸਵੇਰੇ 4 ਵਜੇ ਉਸ ਦੀ ਬੇਟੀ ਦਾ ਸਰੀਰ ਠੰਡਾ ਪੈ ਗਿਆ ਸੀ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।