ਮਾਨਸਾ : ਛੋਟੇ ਸਿੱਧੂ ਮੂਸੇਵਾਲਾ (Little Sidhu Moosewala) ਦੇ ਜਨਮ ਦੀ ਖੁਸ਼ੀ ‘ਚ ਸ਼ੁਕਰਾਨਾ ਕਰਨ ਦੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ‘ਚ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਆਉਣ ਨਾਲ ਪਾਲ ਸਿੰਘ ਸਮਾਓ (Pal Singh Samao) ਨੇ 2 ਸਾਲ ਬਾਅਦ ਜੁੱਤੀ ਪਾਈ, ਜੋ ਪਿਤਾ ਬਲਕੌਰ ਸਿੰਘ ਨੇ ਉਨ੍ਹਾਂ ਨੂੰ ਪਹਿਨਾਈ ਸੀ ।
ਸਮਾਗਮ ਵਿੱਚ ਪਹੁੰਚੇ ਬਲਕੌਰ ਸਿੰਘ ਨੇ ਸਿੱਧੂ ਦੇ ਚਹੇਤਿਆਂ ਨਾਲ ਭੰਗੜਾ ਪਾ ਕੇ ਖੁਸ਼ੀ ਸਾਂਝੀ ਕੀਤੀ ਅਤੇ ਲੋਕਾਂ ਵਿੱਚ ਲੱਡੂ ਵੰਡੇ। ਛੋਟੇ ਸਿੱਧੂ ਦੇ ਜਨਮ ਦੀ ਖੁਸ਼ੀ ਮਨਾਉਣ ਲਈ ਮਾਨਸਾ ਦੇ ਕਲਾਕਾਰ ਪਾਲ ਸਿੰਘ ਸਮਾਓ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿੱਥੇ ਫਾਰਚੂਨਰ 0008 ਦਾ ਕੇਕ ਕੱਟਿਆ ਗਿਆ, ਉੱਥੇ ਪਾਲ ਸਿੰਘ ਸਮਾਓ ਨੇ ਤਕਰੀਬਨ 2 ਸਾਲ ਬਾਅਦ ਪੈਰਾਂ ‘ਚ ਜੁੱਤੀ ਪਾਈ,ਜਿਸਨੂੰ ਬਲਕੌਰ ਸਿੰਘ ਨੇ ਆਪਣੇ ਹੱਥਾਂ ਨਾਲ ਪਹਿਨਾਇਆ।
ਜ਼ਿਕਰਯੋਗ ਹੈ ਕਿ ਸਮਾਓ ਨੇ ਸਹੁੰ ਚੁੱਕੀ ਸੀ ਕਿ ਜਦੋਂ ਤੱਕ ਖੁਸ਼ੀ ਸਿੱਧੂ ਦੇ ਘਰ ਵਾਪਸ ਨਹੀਂ ਆਉਂਦੀ, ਉਦੋਂ ਤੱਕ ਉਹ ਪੈਰਾਂ ‘ਚ ਜੁੱਤੀ ਨਹੀਂ ਪਹਿਨਣਗੇ। ਇੱਥੇ ਤੁਹਾਨੂੰ ਦੱਸ ਦੇਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਈ.ਵੀ.ਐਫ. ਤਕਨੀਕੀ ਮਾਧਿਅਮ ਰਾਹੀਂ 17 ਮਾਰਚ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਂ ਸੁਖਦੀਪ ਸਿੰਘ ਸਿੱਧੂ ਰੱਖਿਆ ਗਿਆ।