ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਹਾਊਸ (The Chandigarh Municipal Corporation House) ਦੀ ਹੋਈ ਹੰਗਾਮੀ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਨੂੰ 20 ਹਜ਼ਾਰ ਲੀਟਰ ਪ੍ਰਤੀ ਮਹੀਨਾ ਪਾਣੀ ਅਤੇ ਮੁਫ਼ਤ ਪਾਰਕਿੰਗ (20 Thousand Liters Of Water Per Month And Free Parking ) ਦੇਣ ਦਾ ਏਜੰਡਾ ਪਾਸ ਕੀਤਾ ਗਿਆ ਹੈ। ਮੁਫ਼ਤ ਪਾਣੀ ਦੇ ਏਜੰਡੇ ‘ਤੇ ਭਾਜਪਾ ਨੇ ਕਿਹਾ ਕਿ 40 ਹਜ਼ਾਰ ਲੀਟਰ ਪਾਣੀ ਮੁਫਤ ਕੀਤਾ ਜਾਵੇ।

ਇਸ ਤੋਂ ਬਾਅਦ ਬੁੜੈਲ ਪਿੰਡ ਦੇ ਇੱਕ ਏਜੰਡੇ ਨੂੰ ਲੈ ਕੇ ਸੱਤਾਧਾਰੀ ਧਿਰ ਦੀ ਬਹਿਸ ਤੋਂ ਬਾਅਦ ਮੇਅਰ ਨੇ ਭਾਜਪਾ ਕੌਂਸਲਰਾਂ ਕੰਵਰਜੀਤ ਰਾਣਾ ਅਤੇ ਸੌਰਭ ਜੋਸ਼ੀ ਨੂੰ ਮਾਰਸ਼ਲਾਂ ਦੀ ਮਦਦ ਨਾਲ ਸਦਨ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਅਤੇ ਮੀਟਿੰਗ ਵਿੱਚ ਰੌਲਾ ਪਾਉਣ ਦੇ ਨਾਂ ’ਤੇ ਭਾਜਪਾ ਦੇ ਸਾਰੇ ਕੌਂਸਲਰਾਂ ਨੂੰ ਇੱਕ-ਇੱਕ ਕਰਕੇ ਨਿਗਮ ਹਾਊਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

ਇਸ ਤੋਂ ਪਹਿਲਾਂ ਜਿਵੇਂ ਹੀ ਮੀਟਿੰਗ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਵਿੱਚ ਬੈਠੇ ਭਾਜਪਾ ਕੌਂਸਲਰਾਂ ਨੇ ਸਦਨ ਦੀ ਦਰਸ਼ਕ ਗੈਲਰੀ ਵਿੱਚ ਬੈਠ ਕੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਕਨਵੀਨਰ ਡਾ.ਐਸ. ਐੱਸ. ਆਹਲੂਵਾਲੀਆ ਦਾ ਮੁੱਦਾ ਉਠਾ ਕੇ ਕਾਫੀ ਹੰਗਾਮਾ ਹੋਇਆ।

ਭਾਜਪਾ ਕੌਂਸਲਰਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਆਗੂਆਂ ਅਤੇ ਹੋਰ ਸਮਰਥਕਾਂ ਨੂੰ ਸਦਨ ਦੀ ਦਰਸ਼ਕ ਗੈਲਰੀ ਲਈ ਐਂਟਰੀ ਪਾਸ ਜਾਰੀ ਨਹੀਂ ਕੀਤੇ ਗਏ। ਦੂਜੇ ਪਾਸੇ ਕਾਂਗਰਸ-ਆਪ ਦੇ ਆਗੂ ਦਰਸ਼ਕ ਗੈਲਰੀ ਵਿੱਚ ਬੈਠੇ ਹਨ। ਇਸ ਮਾਮਲੇ ‘ਤੇ ਕਰੀਬ ਇਕ ਘੰਟੇ ਤੱਕ ਬਹਿਸ ਚੱਲਦੀ ਰਹੀ। ਮਾਮਲੇ ਨੂੰ ਸ਼ਾਂਤ ਕਰਨ ਲਈ ਮੇਅਰ ਕੁਲਦੀਪ ਕੁਮਾਰ ਨੇ ਭਾਜਪਾ ਕੌਂਸਲਰਾਂ ਨੂੰ ਕਿਹਾ ਕਿ ਉਹ ਆਪਣੀ ਪਾਰਟੀ ਦੇ ਪ੍ਰਧਾਨ ਤੇ ਹੋਰ ਆਗੂਆਂ ਨੂੰ ਵੀ ਦਰਸ਼ਕ ਗੈਲਰੀ ਵਿੱਚ ਬਿਠਾ ਸਕਦੇ ਹਨ। ਫਿਰ ਮਾਮਲਾ ਸ਼ਾਂਤ ਹੋ ਗਿਆ।

ਪਿਛਲੀ ਮੀਟਿੰਗ ਦੇ ਮਿੰਟਾਂ ਦਾ ਮੁੱਦਾ ਉਛਲਿਆ
ਮੇਅਰ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸੰਯੁਕਤ ਕਮਿਸ਼ਨਰ ਨੂੰ ਵਿੱਤ ਅਤੇ ਠੇਕਾ ਕਮੇਟੀ (ਐਫ ਐਂਡ ਸੀ ਸੀ) ਦੀਆਂ ਚੋਣਾਂ ਸ਼ੁਰੂ ਕਰਨ ਲਈ ਕਿਹਾ। ਭਾਜਪਾ ਕੌਂਸਲਰ ਪਿਛਲੀ ਮੀਟਿੰਗ ਦੇ ਮਿਨਟਸ ਪੇਸ਼ ਕਰਨ ’ਤੇ ਅੜੇ ਰਹੇ। ਉਨ੍ਹਾਂ ਦਲੀਲ ਦਿੱਤੀ ਕਿ ਨਿਯਮਾਂ ਅਨੁਸਾਰ ਪਿਛਲੀ ਮੀਟਿੰਗ ਦੇ ਮਿੰਟ ਪੇਸ਼ ਕੀਤੇ ਬਿਨਾਂ ਅਗਲੀ ਮੀਟਿੰਗ ਨਹੀਂ ਚੱਲ ਸਕਦੀ।

ਇਸ ਨੂੰ ਲੈ ਕੇ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਅਤੇ ਨਿਗਮ ਕਮਿਸ਼ਨਰ ਨੇ ਇਸ ਮਾਮਲੇ ‘ਤੇ ਕਾਨੂੰਨੀ ਰਾਏ ਲੈਂਦੇ ਹੋਏ ਨਿਗਮ ਦੇ ਲਾਅ ਅਫਸਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਲਾਅ ਅਫਸਰ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਉਨ੍ਹਾਂ ਨੂੰ ਫੋਨ ਕਰਕੇ ਤੁਰੰਤ ਹਾਜ਼ਰ ਹੋਣ ਲਈ ਕਿਹਾ ਗਿਆ। ਕਾਨੂੰਨ ਅਧਿਕਾਰੀ ਨੇ ਮੀਟਿੰਗ ਵਿੱਚ ਮਿੰਟਾਂ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਅਗਲੀ ਮੀਟਿੰਗ ਵਿੱਚ ਵੀ ਮਿੰਟਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸਥਿਤੀ ਸਪੱਸ਼ਟ ਹੋਣ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Leave a Reply