ਗੋਂਡਾ: ਉੱਤਰ ਪ੍ਰਦੇਸ਼ ਦੇ ਗੋਂਡਾ ਵਿਚ ਅੱਜ ਯਾਨੀ ਵੀਰਵਾਰ ਨੂੰ ਗੋਂਡਾ-ਗੋਰਖਪੁਰ ਰੇਲਵੇ ਲਾਈਨ ‘ਤੇ ਮੋਤੀਗੰਜ ਦੇ ਪਿਕੌਰਾ ਪਿੰਡ ਨੇੜੇ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ (Chandigarh-Dibrugarh Express) ਦੀਆਂ 12 ਬੋਗੀਆਂ ਪਲਟ ਗਈਆਂ, ਜਿਸ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਰੇਲਵੇ ਅਤੇ ਪੁਲਿਸ ਬਲ ਮੌਕੇ ‘ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਰੇਲਵੇ ਹਸਪਤਾਲ ਲਿਆਂਦਾ ਜਾ ਰਿਹਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਰੇਲ ਹਾਦਸੇ ‘ਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ‘ਤੇ ਹੁਣ ਤੱਕ 2 ਲੋਕਾਂ ਦੀਆਂ ਲਾਸ਼ਾਂ ਦੇਖੀਆਂ ਜਾ ਚੁੱਕੀਆਂ ਹਨ। ਕਈ ਯਾਤਰੀ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਟਰੇਨ ਦੇ 12 ਡੱਬੇ ਪਟੜੀ ਤੋਂ ਉਤਰ ਗਏ ਹਨ। ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਜ਼ਿਲ੍ਹੇ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਪੁਲਿਸ ਮੁਤਾਬਕ ਡਿਬਰੂਗੜ੍ਹ ਜਾ ਰਹੀ ਯਾਤਰੀ ਰੇਲਗੱਡੀ ਦੇ ਕੁਝ ਡੱਬੇ ਮੋਤੀਗੰਜ ਅਤੇ ਝਿਲਾਹੀ ਰੇਲਵੇ ਸਟੇਸ਼ਨਾਂ ਵਿਚਕਾਰ ਪਟੜੀ ਤੋਂ ਉਤਰ ਗਏ। ਬਚਾਅ ਕਾਰਜਾਂ ਦੀ ਨਿਗਰਾਨੀ ਲਈ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।