ਚੰਡੀਗੜ੍ਹ : ਕੈਬ ਬੁੱਕ ਕਰਵਾ ਕੇ ਆਪਣੀ ਮੰਜ਼ਿਲ ‘ਤੇ ਪਹੁੰਚਣ ਵਾਲਿਆਂ ਲਈ ਅਹਿਮ ਖ਼ਬਰ ਹੈ। ਦਰਅਸਲ ਚੰਡੀਗੜ੍ਹ ‘ਚ ਇਕ ਵਾਰ ਫਿਰ ਕੈਬ ਅਤੇ ਆਟੋ ਚਾਲਕ ਹੜਤਾਲ (Strike in Chandigarh) ‘ਤੇ ਚਲੇ ਗਏ ਹਨ। ਉਕਤ ਲੋਕ ਸੈਕਟਰ-17 ਵਿੱਚ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਧਰਨਾ ਦੇਣ ਤੋਂ ਬਾਅਦ ਪ੍ਰਸ਼ਾਸਨ ਨੇ ਸਿਰਫ਼ ਭਰੋਸਾ ਹੀ ਦਿੱਤਾ ਪਰ ਫਿਰ ਵੀ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਕਈ ਤਰ੍ਹਾਂ ਦੀਆਂ ਟੈਕਸੀਆਂ ਨਾਜਾਇਜ਼ ਤੌਰ ’ਤੇ ਚੱਲ ਰਹੀਆਂ ਹਨ। ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਜਦੋਂ ਅਸੀਂ ਪ੍ਰਸ਼ਾਸਨ ਕੋਲ ਆਪਣੀਆਂ ਮੰਗਾਂ ਪੇਸ਼ ਕਰਦੇ ਹਾਂ ਤਾਂ ਪ੍ਰਸ਼ਾਸਨ ਵਾਹਨਾਂ ਦੇ ਚਲਾਨ ਕੱਟਣ ਲੱਗ ਜਾਂਦਾ ਹੈ। ਟੈਕਸੀ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਕਈ ਤਰ੍ਹਾਂ ਦੀਆਂ ਟੈਕਸੀਆਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਕੋਈ ਮਨਜ਼ੂਰੀ ਨਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦਾ।
ਬਾਈਕ ਟੈਕਸ ਦੀਆਂ ਦਰਾਂ ਘੱਟ ਹੋਣ ਕਾਰਨ ਸਵਾਰੀਆਂ ਜ਼ਿਆਦਾਤਰ ਬਾਈਕ ਟੈਕਸੀਆਂ ਦੀ ਵਰਤੋਂ ਕਰ ਰਹੀਆਂ ਹਨ। ਅਜਿਹੇ ‘ਚ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੈ। ਆਟੋ ਚਾਲਕਾਂ ਨੂੰ ਸਵਾਰੀਆਂ ਵੀ ਨਹੀਂ ਮਿਲ ਰਹੀਆਂ। ਇਸ ਕਾਰਨ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ।