ਚੋਣ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਇਕ ਮਹੀਨੇ ਦੀ ਮਿਲੇਗੀ ਵਾਧੂ ਤਨਖਾਹ
By admin / September 9, 2024 / No Comments / Punjabi News
ਲਖਨਊ: ਉੱਤਰ ਪ੍ਰਦੇਸ਼ ‘ਚ ਚੋਣ ਡਿਊਟੀ ਕਰ ਰਹੇ 2217 ਮੁਲਾਜ਼ਮਾਂ ਨੂੰ ਯੋਗੀ ਸਰਕਾਰ (The Yogi Government) ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਚੋਣ ਡਿਊਟੀ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਇਕ ਮਹੀਨੇ ਦੀ ਵਾਧੂ ਤਨਖਾਹ ਮਿਲੇਗੀ। ਇਸ ਲਈ ਸਰਕਾਰ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਲਈ ਸਰਕਾਰ ‘ਤੇ 11 ਕਰੋੜ 54 ਲੱਖ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ।
ਪ੍ਰਮੁੱਖ ਸਕੱਤਰ ਚੋਣ ਨਵਦੀਪ ਰਿਣਵਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਚੋਣ ਡਿਊਟੀ ਕਰ ਰਹੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇੱਕ ਮਹੀਨੇ ਦੀ ਮੁੱਢਲੀ ਤਨਖ਼ਾਹ ਦੇ ਬਰਾਬਰ ਵਾਧੂ ਮਾਣ ਭੱਤਾ ਦਿੱਤਾ ਜਾਵੇਗਾ। ਇਸ ਤਹਿਤ ਸੂਬੇ ਦੇ 2217 ਸਰਕਾਰੀ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਹੁਕਮਾਂ ਅਨੁਸਾਰ ਸਾਰੇ 75 ਜ਼ਿਲ੍ਹਾ ਚੋਣ ਅਫ਼ਸਰਾਂ ਨੂੰ 1.2 ਲੱਖ ਰੁਪਏ ਮਿਲਣਗੇ। ਰਿਟਰਨਿੰਗ ਅਫਸਰ ਨੂੰ 60,000 ਰੁਪਏ ਅਤੇ ਸਹਾਇਕ ਰਿਟਰਨਿੰਗ ਅਫਸਰ ਨੂੰ 50,000 ਰੁਪਏ ਮਿਲਣਗੇ।
ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ , ਸੂਬੇ ਦੀਆਂ 10 ਸੀਟਾਂ ‘ਤੇ ਹੋਣਗੀਆਂ ਜ਼ਿਮਨੀ ਚੋਣਾਂ
ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਸਰਕਾਰ ਤੋਂ ਚੋਣ ਡਿਊਟੀ ਮਾਣਭੱਤੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਯੋਗੀ ਸਰਕਾਰ ਨੇ ਇੱਕ ਮਹੀਨੇ ਦੀ ਵਾਧੂ ਤਨਖਾਹ ਦੇਣ ਦਾ ਫ਼ੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਯੂ.ਪੀ ਦੀਆਂ 10 ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਵੱਲੋਂ ਅਜੇ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ।