ਬੀਜਿੰਗ : ਦੱਖਣ-ਪੱਛਮੀ ਚੀਨ ਦੇ ਗੁਈਝੋਉ ਸੂਬੇ ਵਿੱਚ ਅਚਾਨਕ ਆਏ ਤੂਫਾਨ ਕਾਰਨ ਵੂ ਨਦੀ ਵਿੱਚ ਚਾਰ ਸੈਲਾਨੀ ਕਿਸ਼ਤੀਆਂ ਪਲਟ ਗਈਆਂ, ਜਿਸ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੋ ਗਿਆ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਸੋਮਵਾਰ ਨੂੰ ਯਾਨੀ ਅੱਜ ਦਿੱਤੀ। ਇਹ ਹਾਦਸਾ ਬੀਤੇ ਦਿਨ ਦੁਪਹਿਰ ਨੂੰ ਗੁਈਝੋਉ ਦੇ ਇੱਕ ਸੁੰਦਰ ਸਥਾਨ ‘ਤੇ ਤੇਜ਼ ਹਵਾਵਾਂ ਕਾਰਨ ਵਾਪਰਿਆ। ਇਸ ਸਮੇਂ ਦੌਰਾਨ 80 ਤੋਂ ਵੱਧ ਲੋਕ ਕਿਸ਼ਤੀਆਂ ਤੋਂ ਨਦੀ ‘ਚ ਡਿੱਗ ਗਏ। ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਦੋ ਕਿਸ਼ਤੀਆਂ ਪਲਟ ਗਈਆਂ ਹਨ, ਪਰ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਕੁੱਲ ਚਾਰ ਕਿਸ਼ਤੀਆਂ ਪਲਟੀਆਂ ਹਨ।
ਇਹ ਸਪੱਸ਼ਟ ਨਹੀਂ ਹੈ ਕਿ ਕੀ ਹੋਰ ਦੋ ਕਿਸ਼ਤੀਆਂ ‘ਤੇ ਕੋਈ ਪੀੜਤ ਸੀ। ਵੂ ਨਦੀ ਚੀਨ ਦੀ ਸਭ ਤੋਂ ਲੰਬੀ ਨਦੀ ਯਾਂਗਸੀ ਦੀ ਇੱਕ ਸਹਾਇਕ ਨਦੀ ਹੈ। ਗੁਈਝੋਉ ਦੇ ਪਹਾੜ ਅਤੇ ਨਦੀਆਂ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ, ਅਤੇ ਪੰਜ ਦਿਨਾਂ ਦੀ ਰਾਸ਼ਟਰੀ ਛੁੱਟੀ ਦੇ ਕਾਰਨ ਇਸ ਸਮੇਂ ਉੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚੇ ਹੋਏ ਹਨ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਲਾਪਤਾ ਲੋਕਾਂ ਦੀ ਭਾਲ ਅਤੇ ਜ਼ਖਮੀਆਂ ਦੇ ਇਲਾਜ ਲਈ “ਹਰ ਸੰਭਵ ਕੋਸ਼ਿਸ਼” ਦੀ ਮੰਗ ਕੀਤੀ ਗਈ ਹੈ।
ਭਾਵੇਂ ਸਰਕਾਰ ਟਰਾਂਸਪੋਰਟ ਖੇਤਰ ਵਿੱਚ ਮੌਤਾਂ ਦੀ ਗਿਣਤੀ ਘਟਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ, ਪਰ ਛੁੱਟੀਆਂ ਦੌਰਾਨ ਓਵਰਲੋਡਿੰਗ, ਰੱਖ-ਰਖਾਅ ਦੀ ਘਾਟ ਅਤੇ ਸੁਰੱਖਿਆ ਉਪਾਵਾਂ ਦੀ ਅਣਹੋਂਦ ਕਾਰਨ ਹਾਦਸਿਆਂ ਵਿੱਚ ਵਾਧਾ ਹੋਇਆ ਹੈ। ਹਾਦਸੇ ਵਿੱਚ ਸ਼ਾਮਲ ਦੋਵੇਂ ਕਿਸ਼ਤੀਆਂ ਵਿੱਚ ਲਗਭਗ 40 ਲੋਕ ਸਵਾਰ ਸਨ। ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਨਹੀਂ ਸਨ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਨਦੀ ਬਹੁਤ ਡੂੰਘੀ ਸੀ, ਪਰ ਕੁਝ ਲੋਕ ਤੈਰ ਕੇ ਕਿਨਾਰੇ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਤੂਫਾਨ ਅਚਾਨਕ ਆਇਆ ਅਤੇ ਸੰਘਣੀ ਧੁੰਦ ਕਾਰਨ ਨਦੀ ਦੀ ਸਤ੍ਹਾ ਦਿਖਾਈ ਨਹੀਂ ਦੇ ਰਹੀ ਸੀ।
The post ਚੀਨ ’ਚ ਆਏ ਅਚਾਨਕ ਤੂਫਾਨ ਕਾਰਨ 9 ਸੈਲਾਨੀਆਂ ਦੀ ਹੋਈ ਮੌਤ appeared first on TimeTv.
Leave a Reply