ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ‘ਚ ਵੱਡਾ ਰਿਕਾਰਡ ਹਾਸਲ ਕਰ ਲਿਆ ਹੈ। ਆਰ ਅਸ਼ਵਿਨ ਨੇ ਰਾਂਚੀ ‘ਚ ਖੇਡੇ ਜਾ ਰਹੇ ਚੌਥੇ ਟੈਸਟ ‘ਚ ਵਿਕਟ ਲੈ ਕੇ ਇੰਗਲੈਂਡ ਖ਼ਿਲਾਫ਼ ਟੈਸਟ ਮੈਚਾਂ ‘ਚ 100 ਵਿਕਟਾਂ ਪੂਰੀਆਂ ਕਰ ਲਈਆਂ ਹਨ। ਆਰ ਅਸ਼ਵਿਨ ਇੰਗਲੈਂਡ ਖ਼ਿਲਾਫ਼ ਟੈਸਟ ਮੈਚਾਂ ‘ਚ 100 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਅੱਜ ਤੱਕ ਕੋਈ ਵੀ ਭਾਰਤੀ ਗੇਂਦਬਾਜ਼ ਅਜਿਹੀ ਉਪਲਬਧੀ ਹਾਸਲ ਨਹੀਂ ਕਰ ਸਕਿਆ ਹੈ।
ਆਰ ਅਸ਼ਵਿਨ ਨੇ ਰਾਂਚੀ ਟੈਸਟ ‘ਚ ਵਿਕਟ ਲੈ ਕੇ ਰਚਿਆ ਇਤਿਹਾਸ
ਦਰਅਸਲ, ਰਾਂਚੀ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿੱਚ ਰਵੀਚੰਦਰਨ ਅਸ਼ਵਿਨ ਨੇ ਇੱਕ ਵਿਕਟ ਲੈ ਕੇ ਇੰਗਲੈਂਡ ਦੇ ਖ਼ਿਲਾਫ਼ ਟੈਸਟ ਮੈਚਾਂ ਵਿੱਚ 100 ਵਿਕਟਾਂ ਪੂਰੀਆਂ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਦੇ ਟੈਸਟ ਮੈਚਾਂ ਵਿੱਚ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ 145 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਇਸ ਦੇ ਨਾਲ ਹੀ ਆਰ ਅਸ਼ਵਿਨ ਓਵਰਆਲ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ।
ਭਾਰਤੀ ਗੇਂਦਬਾਜ਼ ਜਿਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲਈਆਂ
1. ਆਰ ਅਸ਼ਵਿਨ- 23 ਮੈਚਾਂ ਵਿੱਚ 100 ਵਿਕਟਾਂ
2. ਭਾਗਵਤ ਚੰਦਰਸ਼ੇਖਰ – 23 ਮੈਚਾਂ ਵਿੱਚ 95 ਵਿਕਟਾਂ
3. ਅਨਿਲ ਕੁੰਬਲੇ- 19 ਮੈਚਾਂ ‘ਚ 92 ਵਿਕਟਾਂ
4. ਬਿਸ਼ਨ ਸਿੰਘ ਬੇਦੀ- 22 ਮੈਚਾਂ ‘ਚ 85 ਵਿਕਟਾਂ
5. ਕਪਿਲ ਦੇਵ- 27 ਮੈਚਾਂ ‘ਚ 85 ਵਿਕਟਾਂ
ਆਰ ਅਸ਼ਵਿਨ ਨੇ ਜੌਨੀ ਬੇਅਰਸਟੋ ਨੂੰ ਬਣਾਇਆ ਆਪਣਾ ਸ਼ਿਕਾਰ
ਆਰ ਅਸ਼ਵਿਨ ਨੇ ਇੰਗਲੈਂਡ ਦੀ ਪਾਰੀ ਦੇ 22ਵੇਂ ਓਵਰ ਦੀ ਦੂਜੀ ਗੇਂਦ ‘ਤੇ ਜੌਨੀ ਬੇਅਰਸਟੋ ਨੂੰ ਆਪਣਾ ਸ਼ਿਕਾਰ ਬਣਾਇਆ ।ਅਸ਼ਵਿਨ ਨੇ ਬੇਅਰਸਟੋ ਨੂੰ ਐੱਲ.ਬੀ.ਡਬਲਿਊ. ਆਊਟ ਕੀਤਾ ਹੈ। ਇਸ ਦੌਰਾਨ ਜੌਨੀ ਨੇ 35 ਗੇਂਦਾਂ ਦਾ ਸਾਹਮਣਾ ਕੀਤਾ ਅਤੇ 38 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਦੀ ਪਾਰੀ ਵਿੱਚ 4 ਚੌਕੇ ਤੇ 1 ਛੱਕਾ ਸ਼ਾਮਲ ਸਨ।
ਲੰਚ ਬ੍ਰੇਕ ਤੱਕ ਇੰਗਲੈਂਡ ਦੀ ਅੱਧੀ ਟੀਮ ਪਰਤੀ ਪੈਵੇਲੀਅਨ
ਰਾਂਚੀ ‘ਚ ਖੇਡੇ ਜਾ ਰਹੇ ਟੈਸਟ ਮੈਚ ‘ਚ ਇੰਗਲੈਂਡ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਭਾਰਤ ਲਈ ਡੈਬਿਊ ਕਰਨ ਵਾਲੇ ਆਕਾਸ਼ ਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਗੇਂਦਾਂ ‘ਚ 3 ਵਿਕਟਾਂ ਲਈਆਂ।
ਉਨ੍ਹਾਂ ਨੇ ਜੈਕ ਕਰਾਊਲੀ, ਬੇਨ ਡਕੇਟ ਤੇ ਓਲੀ ਪੋਲ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਜੌਨੀ ਬੇਅਰਸਟੋ ਤੇ ਜੋ ਰੂਟ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਜੌਨੀ ਸ਼ਾਨਦਾਰ ਫਾਰਮ ‘ਚ ਨਜ਼ਰ ਆ ਰਹੇ ਸਨ ਪਰ ਅਸ਼ਵਿਨ ਨੇ ਉਨ੍ਹਾਂ ਨੂੰ ਆਊਟ ਕਰਕੇ ਭਾਰਤ ਨੂੰ ਸਫਲਤਾ ਦਿਵਾਈ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਕਪਤਾਨ ਬੇਨ ਸਟੋਕਸ ਨੂੰ ਐੱਲ.ਬੀ.ਡਬਲਯੂ. ਆਊਟ ਕੀਤਾ। ਇਸ ਤਰ੍ਹਾਂ ਲੰਚ ਬ੍ਰੇਕ ਤੱਕ ਇੰਗਲੈਂਡ ਨੇ 5 ਵਿਕਟਾਂ ਦੇ ਨੁਕਸਾਨ ‘ਤੇ 112 ਦੌੜਾਂ ਬਣਾ ਲਈਆਂ ਹਨ।