ਗੁਰਦਾਸਪੁਰ ਦੇ ਆਬਕਾਰੀ ਵਿਭਾਗ ‘ਤੇ ਜ਼ਿਲ੍ਹਾ ਪੁਲਿਸ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਮਿਲੀ ਵੱਡੀ ਸਫਲਤਾ
By admin / July 3, 2024 / No Comments / Punjabi News
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਆਬਕਾਰੀ ਵਿਭਾਗ ਅਤੇ ਜ਼ਿਲਾ ਪੁਲਿਸ (Excise Department and District Police) ਨੂੰ ਅੱਜ ਇਕ ਸਾਂਝੇ ਆਪ੍ਰੇਸ਼ਨ ‘ਚ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਿਆਸ ਦਰਿਆ ਦੇ ਕੰਢੇ ਤੋਂ ਪਲਾਸਟਿਕ ਦੀਆਂ ਤਰਪਾਲਾਂ ‘ਚ ਛੁਪਾ ਕੇ ਰੱਖੀ ਗਈ 15 ਹਜ਼ਾਰ ਕਿਲੋ ਲਾਹਣ (15 thousand kg of Lahan) ਬਰਾਮਦ ਕੀਤੀ ਗਈ। ਇਸ ਸਬੰਧੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਨਿਲ ਕੁਮਾਰ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਹੇਮੰਤ ਸ਼ਰਮਾ ਅਤੇ ਅਮਨਬੀਰ ਸਿੰਘ ਦੀਆਂ ਹਦਾਇਤਾਂ ‘ਤੇ ਅੱਜ ਉਨ੍ਹਾਂ ਵਿਭਾਗ ਦੇ ਕਰਮਚਾਰੀਆਂ ਅਤੇ ਭੈਣੀ ਮੀਆਂ ਖਾਂ ਥਾਣਾ ਇੰਚਾਰਜ ਸੁਰਿੰਦਰਪਾਲ ਸਿੰਘ ਦੇ ਨਾਲ ਬੁੱਢਾ ਬਾਲਾ ਅਧੀਨ ਪੈਂਦੇ ਪਿੰਡ ਮੌਜਪੁਰ ਅਤੇ ਮੰਡ ਖੇਤਰ ਵਿੱਚ ਬਿਆਸ ਦਰਿਆ ਦੇ ਕੰਢੇ ਛਾਪੇਮਾਰੀ ਕੀਤੀ।ਉਨ੍ਹਾਂ ਦੱਸਿਆ ਕਿ ਨਦੀ ਦੀ ਰੇਤ ਵਿੱਚ ਪਲਾਸਟਿਕ ਦੀਆਂ 50 ਤਰਪਾਲਾਂ ਵਿੱਚ ਛੁਪਾ ਕੇ ਰੱਖੀ ਗਈ ਕਰੀਬ 15 ਹਜ਼ਾਰ ਕਿਲੋ ਲਾਹਣ ਬਰਾਮਦ ਕੀਤੀ ਗਈ, ਜਦੋਂਕਿ ਛਾਪੇਮਾਰੀ ਦੌਰਾਨ ਕਈ ਡਰੰਮ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਜੋ ਕਿ ਨਾਜਾਇਜ਼ ਸ਼ਰਾਬ ਬਣਾਉਣ ਵਿੱਚ ਵਰਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਕਾਫੀ ਮਿਹਨਤ ਤੋਂ ਬਾਅਦ ਇਨ੍ਹਾਂ ਤਰਪਾਲਾਂ ਨੂੰ ਜ਼ਮੀਨ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਰ ਪਲਾਸਟਿਕ ਦੀ ਤਰਪਾਲ ਵਿੱਚ 300 ਕਿਲੋ ਲਾਹਨ ਭਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਇਲਾਕਿਆਂ ‘ਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਸ਼ਰਾਬ ਤੇ ਲਾਹਨ ਬਰਾਮਦ ਕੀਤੀ ਗਈ ਹੈ।
ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ‘ਤੇ ਕੋਈ ਵੀ ਮੁਲਜ਼ਮ ਨਹੀਂ ਫੜਿਆ ਗਿਆ। ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਬਰਾਮਦ ਹੋਏ ਸਾਰੇ ਲਾਹਣ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਹੋਰ ਇਲਾਕਿਆਂ ਵਿੱਚ ਵੀ ਜਾਰੀ ਰਹੇਗੀ।