ਗੁਰਦਾਸਪੁਰ : ਗੁਰਦਾਸਪੁਰ (Gurdaspur) ਵਿੱਚ ਇੱਕ ਕਾਂਗਰਸੀ ਆਗੂ ਦੇ ਘਰ ਗੋਲੀਬਾਰੀ ਹੋਣ ਦੀ ਖ਼ਬਰ ਹੈ। ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਇਸ ਹਮਲੇ ‘ਚ ਜਾਨ ਬਚ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਨਕੁਲ ਮਹਾਜਨ ਦੇ ਘਰ ‘ਤੇ ਗੋਲੀਬਾਰੀ ਹੋਈ ਸੀ। ਅਣਪਛਾਤੇ ਵਿਅਕਤੀਆਂ ਵੱਲੋਂ 4 ਰਾਊਂਡ ਫਾਇਰ ਕੀਤੇ ਗਏ ਹਨ। ਨਕੁਲ ਮਹਾਜਨ ਕਾਂਗਰਸੀ ਕੌਂਸਲਰ ਸੁਨੀਤਾ ਰਾਣੀ ਦਾ ਪੁੱਤਰ ਹੈ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਪਾਹੜਾ ਦਾ ਕਰੀਬੀ ਮੰਨਿਆ ਜਾਂਦਾ ਹੈ।
ਘਰ ਦੇ ਗੇਟ ਅਤੇ ਛੱਤ ‘ਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ ਅਤੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਮੌਕੇ ’ਤੇ ਪੁੱਜੇ ਨਗਰ ਕੌਂਸਲ ਪ੍ਰਧਾਨ ਬਲਜੀਤ ਪਾਹੜਾ ਨੇ ਦੱਸਿਆ ਕਿ ਨੌਜਵਾਨ ਕਾਂਗਰਸੀ ਆਗੂ ਮਹਾਜਨ ਨੂੰ ਵਿਦੇਸ਼ ਤੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ।