ਗੁਰਦਾਸਪੁਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਐਡਵੋਕੇਟ ਬਲਜਿੰਦਰ ਸਿੰਘ ਬਾਂਗੋਵਾਣੀ (Advocate Baljinder Singh Bangovani) ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਮੀਤ ਪ੍ਰਧਾਨ ਪ੍ਰਸ਼ਾਂਤ ਰਾਓ, ਸਕੱਤਰ ਦਵਿੰਦਰਪਾਲ ਸਿੰਘ ਸਮਰਾ, ਖਜ਼ਾਨਚੀ ਅਭਿਸ਼ੇਕ ਪੁਰੀ, ਸੰਯੁਕਤ ਸਕੱਤਰ ਕਾਜਲ ਭਰਿਆਲ, ਮੁਨੀਸ਼ ਕੁਮਾਰ, ਗੁਰਸ਼ਰਨਪ੍ਰੀਤ ਸਿੰਘ ਵਾਹਲਾ, ਪਰਮਪਾਲ, ਡਾ. ਹੁੰਦਲ, ਅੰਮ੍ਰਿਤ ਮਹਾਜਨ ਆਦਿ ਵੀ ਹਾਜ਼ਰ ਸਨ। ਮੀਟਿੰਗ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਲਗਾਏ ਜਾ ਰਹੇ ਖੂਨਦਾਨ ਅਤੇ ਮੈਡੀਕਲ ਕੈਂਪ ਸਬੰਧੀ ਵਿਚਾਰਾਂ ਕੀਤੀਆਂ ਗਈਆਂ।
ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਬੰਗੋਵਾਣੀ ਨੇ ਦੱਸਿਆ ਕਿ 22 ਫਰਵਰੀ ਨੂੰ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਦਾ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਕਰਨਗੇ, ਜੋ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕੈਂਪ ਵਿੱਚ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਵੱਲੋਂ ਖੂਨਦਾਨ ਕੈਂਪ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖ-ਵੱਖ ਹਸਪਤਾਲਾਂ ਵੱਲੋਂ ਮੈਡੀਕਲ ਕੈਂਪ ਲਗਾਇਆ ਜਾਵੇਗਾ।
ਜਿਸ ਵਿੱਚ ਗੁਰਦਾਸਪੁਰ ਮੈਡੀਸਿਟੀ ਮਲਟੀਪਲ ਸਪੈਸ਼ਲਿਟੀ ਹਸਪਤਾਲ ਗੁਰਦਾਸਪੁਰ, ਡਾ.ਕੇ.ਡੀ.ਆਈ ਹਸਪਤਾਲ, ਐਸ.ਕੇ.ਆਰ.ਹਸਪਤਾਲ (ਆਰਥੋਪੈਡਿਕਸ) ਪਠਾਨਕੋਟ, ਡਾ: ਪ੍ਰਿਤਪਾਲ ਸਿੰਘ ਜੀ.ਐਸ. ਮੈਮੋਰੀਅਲ ਆਯੁਰਵੇਦ ਅਤੇ ਪੰਚਕਰਮਾ ਗੁਰਦਾਸਪੁਰ ਅਤੇ ਕੁਮਾਰ ਸਿਟੀ ਸਕੈਨ ਸੈਂਟਰ ਗੁਰਦਾਸਪੁਰ ਸ਼ਾਮਿਲ ਹੋਣਗੇ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਜਦਕਿ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਦਾ ਉਦੇਸ਼ ਦਿੱਤਾ ਹੈ। ਇਸ ਨੂੰ ਮੁੱਖ ਰੱਖ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ।