ਗਰਮੀ ਦੌਰਾਨ ਪਾਣੀ ਦੀ ਕਿੱਲਤ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਂ ‘ਤੇ ਨਗਰ ਨਿਗਮ ਨੇ ਲਿਆ ਇਹ ਫ਼ੈਸਲਾ
By admin / May 30, 2024 / No Comments / Punjabi News
ਲੁਧਿਆਣਾ : ਕੜਕਦੀ ਗਰਮੀ ਦੌਰਾਨ ਪਾਣੀ ਦੀ ਕਿੱਲਤ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਂ ‘ਤੇ ਨਗਰ ਨਿਗਮ ਨੇ ਫ਼ੈਸਲਾ ਕੀਤਾ ਹੈ ਕਿ ਮਹਾਂਨਗਰ ਦੇ ਲੋਕ ਸ਼ਾਮ ਨੂੰ ਹੀ ਪੌਦਿਆਂ ਨੂੰ ਪਾਣੀ ਪਿਲਾਉਣਗੇ। ਓ ਐਂਡ ਐਮ ਸੈੱਲ ਦੇ ਐਸ.ਈ ਰਵਿੰਦਰ ਗਰਗ ਨੇ ਇਸ ਸਬੰਧੀ ਨਗਰ ਨਿਗਮ ਵੱਲੋਂ ਜਾਰੀ ਸਰਕੂਲਰ ਦੀ ਪੁਸ਼ਟੀ ਕੀਤੀ ਹੈ।
ਇਸ ਅਨੁਸਾਰ ਕੜਾਕੇ ਦੀ ਗਰਮੀ ਦੌਰਾਨ ਹਰੇ ਭਰੇ ਖੇਤਰਾਂ ਅਤੇ ਪੌਦਿਆਂ ਨੂੰ ਜ਼ਿਆਦਾ ਪਾਣੀ ਦੇਣਾ ਪੈਂਦਾ ਹੈ ਅਤੇ ਸ਼ਾਮ ਨੂੰ ਇਸ ਕੰਮ ਲਈ ਘੱਟ ਪਾਣੀ ਦੀ ਲੋੜ ਪਵੇਗੀ। ਇਸ ਮੰਤਵ ਤਹਿਤ ਨਗਰ ਨਿਗਮ ਨੇ ਪਬਲਿਕ ਨੋਟਿਸ ਰਾਹੀਂ ਲੋਕਾਂ ਨੂੰ ਸਬਜ਼ੀਆਂ ਜਾਂ ਭਾਂਡੇ ਧੋਣ, ਨਹਾਉਣ ਅਤੇ ਟਾਇਲਟ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਨ ਦੇ ਸੁਝਾਅ ਦਿੱਤੇ ਹਨ।
ਫਰਸ਼ਾਂ ਅਤੇ ਵਾਹਨਾਂ ਨੂੰ ਧੋਣ ‘ਤੇ ਲਗਾਈ ਪਾਬੰਦੀ, ਉਲੰਘਣਾ ਕਰਨ ‘ਤੇ ਲਗਾਇਆ ਜਾਵੇਗਾ ਜੁਰਮਾਨਾ
ਕਹਿਰ ਦੀ ਗਰਮੀ ਦੌਰਾਨ ਪਾਣੀ ਦੀ ਬੱਚਤ ਲਈ ਨਗਰ ਨਿਗਮ ਨੇ ਘਰਾਂ ਅਤੇ ਵਾਹਨਾਂ ਦੇ ਫਰਸ਼ ਧੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਦੀ ਅੰਤਿਮ ਮਿਤੀ 31 ਜੁਲਾਈ ਤੱਕ ਹੋਵੇਗੀ। ਇਸ ਦੌਰਾਨ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ 2000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਵਾਟਰ ਸਪਲਾਈ ਦਾ ਕੁਨੈਕਸ਼ਨ ਕੱਟਣ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।