ਖਰੜ : ਖਰੜ ਨਗਰ ਕੌਂਸਲ (Kharar Municipal Council) ਅਧੀਨ ਪੈਂਦੇ ਪਿੰਡ ਜੰਡਪੁਰ ਵਿੱਚ ਪਿੰਡ ਵਾਸੀਆਂ ਨੇ ਪ੍ਰਵਾਸੀਆਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਵਾਲੇ ਬੋਰਡ ਲਾਏ ਹਨ। ਪਿੰਡ ਦੇ ਨਗਰ ਕੌਂਸਲ ਮੈਂਬਰ ਗੋਬਿੰਦਰ ਸਿੰਘ ਚੀਮਾ ਨੇ ਬੋਰਡਾਂ ਦਾ ਨਿਰੀਖਣ ਕਰਦੇ ਹੋਏ ਦੱਸਿਆ ਕਿ ਪਿੰਡ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਪੜਤਾਲ ਯੂਥ ਕੌਂਸਲ ਅਤੇ ਪਿੰਡ ਵਾਸੀਆਂ ਵੱਲੋਂ ਲਾਜ਼ਮੀ ਕੀਤੀ ਗਈ ਹੈ। ਪ੍ਰਵਾਸੀ ਪਿੰਡ ਵਿੱਚ ਪਾਨ, ਗੁਟਕਾ ਜਾਂ ਬੀੜੀ ਨਹੀਂ ਪੀਣਗੇ। ਜਿੱਥੇ ਪ੍ਰਵਾਸੀ ਰਹਿੰਦੇ ਹਨ। ਉਥੇ ਡਸਟਬਿਨ ਲਾਜ਼ਮੀ ਹੋਣਾ ਚਾਹੀਦਾ ਹੈ।
ਇਸ ਨੂੰ ਲਗਾਉਣ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ। ਉਨ੍ਹਾਂ ਬੋਰਡ ‘ਤੇ ਲਿਖਿਆ ਹੈ ਕਿ ਰਾਤ 9 ਵਜੇ ਤੋਂ ਬਾਅਦ ਪ੍ਰਵਾਸੀਆਂ ਨੂੰ ਬਾਹਰ ਘੁੰਮਦੇ ਨਾ ਦੇਖਿਆ ਜਾਵੇ। ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਹੋਣੀ ਚਾਹੀਦੀ ਹੈ ਅਤੇ ਇੱਕ ਕਮਰੇ ਵਿੱਚ ਦੋ ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ। ਪ੍ਰਵਾਸੀਆਂ ਨੂੰ ਪਿੰਡ ਵਿੱਚ ਅੱਧ ਨੰਗੇ ਘੁੰਮਦੇ ਨਾ ਦਿਖਣ ਅਤੇ ਨਾਬਾਲਗ ਬੱਚਿਆਂ ਨੂੰ ਬਿਨਾਂ ਦਸਤਾਵੇਜ਼ਾਂ ਜਾਂ ਨੰਬਰ ਪਲੇਟਾਂ ਤੋਂ ਵਾਹਨ ਚਲਾਉਂਦੇ ਨਾ ਦਿਖਣ। ਕਿਰਾਏਦਾਰਾਂ ਦੇ ਵਾਹਨਾਂ ਦੀ ਪਾਰਕਿੰਗ ਲਾਜ਼ਮੀ ਹੈ ਅਤੇ ਵਾਹਨਾਂ ਨੂੰ ਸੜਕ ਜਾਂ ਗਲੀ ‘ਤੇ ਪਾਰਕ ਨਹੀਂ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਪ੍ਰਤੀ ਘਰ ਇੱਕ ਕੁਨੈਕਸ਼ਨ ਉਚਿਤ ਵਰਤਿਆ ਜਾਵੇ। ਜੇਕਰ ਕੋਈ ਪ੍ਰਵਾਸੀ ਪਿੰਡ ਵਿੱਚ ਕੋਈ ਗੈਰ-ਕਾਨੂੰਨੀ ਕੰਮ ਕਰਦਾ ਹੈ ਜਾਂ ਪਿੰਡ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਕੋਈ ਹੋਰ ਜੁਰਮ ਕਰਦਾ ਹੈ ਤਾਂ ਉਸ ਲਈ ਮਕਾਨ ਮਾਲਕ ਜ਼ਿੰਮੇਵਾਰ ਹੋਵੇਗਾ। ਇਸੇ ਤਰ੍ਹਾਂ ਉਸ ਨੇ ਬੱਚੇ ਦੇ ਜਨਮ ਅਤੇ ਵਿਆਹ ਆਦਿ ਬਾਰੇ ਵੀ ਬੋਰਡ ’ਤੇ ਲਿਖਿਆ ਸੀ ਕਿ ਉਹ ਖੁਸਰਿਆਂ ਨੂੰ ਵਧਾਈ ਦੇਣ ਲਈ ਸਿਰਫ਼ 2100 ਰੁਪਏ ਦੇਣ।