ਖਟਕੜ ਕਲਾਂ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਖ਼ਿਲਾਫ਼ ‘ਆਪ’ ਵੱਲੋਂ ਅੱਜ ਦੇਸ਼ ਭਰ ਵਿੱਚ ਭੁੱਖ ਹੜਤਾਲ (Hunger Strike) ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਵਿਖੇ ਕੈਬਨਿਟ ਮੰਤਰੀਆਂ ਅਤੇ ‘ਆਪ’ ਵਰਕਰਾਂ ਸਮੇਤ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਇਹ ਭੁੱਖ ਹੜਤਾਲ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਸੀ.ਐਮ. ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਰੋਸ ਪ੍ਰਗਟ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਖਤਰੇ ‘ਚ ਹੈ। ਕੀ ਸ਼ਹੀਦਾਂ ਨੇ ਇਨ੍ਹਾਂ ਦਿਨਾਂ ਲਈ ਕੁਰਬਾਨੀ ਦਿੱਤੀ ਸੀ? ਅੱਜ ਸ਼ਹੀਦ ਭਗਤ ਸਿੰਘ ਦੀ ਆਤਮਾ ਬਹੁਤ ਦੁੱਖੀ ਹੋ ਰਹੀ ਹੋਵੇਗੀ । ਅੱਜ ਭਗਤ ਸਿੰਘ ਦੁਆਰਾ ਪ੍ਰਾਪਤ ਕੀਤੀ ਆਜ਼ਾਦੀ ਖ਼ਤਰੇ ਵਿੱਚ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦੇਸ਼ ਲਈ ਸਭ ਕੁਝ ਛੱਡ ਦਿੱਤਾ। ਕੇਜਰੀਵਾਲ ਲੱਖਾਂ ਕਰੋੜਾਂ ਦੀ ਕਮਾਈ ਛੱਡ ਕੇ ਸਿਆਸਤ ਵਿੱਚ ਆਏ ਹਨ। ਭਾਜਪਾ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਕੇਜਰੀਵਾਲ ਦੀ ਸੋਚ ਨੂੰ ਕਿਵੇਂ ਕਾਬੂ ਕਰੇਗੀ। ਅੱਗੇ ਬੋਲਦਿਆਂ ਸੀ.ਐਮ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਗਾਰੰਟੀ ਦਿੰਦੀ ਹੈ, ਜਦਕਿ ਭਾਜਪਾ ਮੈਨੀਫੈਸਟੋ ਜਾਰੀ ਕਰਦੀ ਸੀ। ਜਦੋਂ ਲੋਕ ਉਨ੍ਹਾਂ ਦੀ ਦਿੱਤੀ ਗਰੰਟੀ ‘ਤੇ ਵਿਸ਼ਵਾਸ ਕਰਨ ਲੱਗੇ ਤਾਂ ਮੋਦੀ ਜੀ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਗਾਰੰਟੀ ਵੀ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਲਈ ਖ਼ਤਰੇ ਦੀ ਘੰਟੀ ਵੱਜਣ ਲੱਗੀ ਤਾਂ ਉਨ੍ਹਾਂ ਨੂੰ ਕੇਜਰੀਵਾਲ ਦੀ ਗਾਰੰਟੀ ਯਾਦ ਆ ਗਈ। ਉਨ੍ਹਾਂ ਦੀਆਂ ਗਾਰੰਟੀਆਂ ਦੇਖ ਕੇ ਹੁਣ ਭਾਜਪਾ ਵਾਲੇ ਵੀ ਗਾਰੰਟੀ ਕਹਿਣ ਲੱਗ ਪਏ ਹਨ। ਸੀ.ਐਮ. ਮਾਨ ਨੇ ਭਾਜਪਾ ਦੇ ‘ਪਾਰ 400’ ਦੇ ਨਾਅਰੇ ‘ਤੇ ਵੀ ਹਮਲਾ ਬੋਲਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੋੜ ’ਤੇ ਵਰ੍ਹਦਿਆਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਦਾ ਨਾਂ ਲਏ ਬਿਨਾਂ ਕਿਹਾ ਕਿ ਕਈਆਂ ਦਾ ਕੋਈ ਸਟੈਂਡ ਨਹੀਂ ਹੈ , ਅੱਜ ਇਥੇ ਤੇ ਕੱਲ੍ਹ ਉਥੇ। ਉਨ੍ਹਾਂ ਨੂੰ ਇੱਧਰ-ਉੱਧਰ ਘੁੰਮਣ ਵਾਲੇ ਲੋਕ ਨਹੀਂ ਚਾਹੁੰਦੇ । ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੂੰ ਵੱਡੇ ਚਿਹਰਿਆਂ ਦੀ ਨਹੀਂ ਸਗੋਂ ਸਾਧਾਰਨ ਘਰਾਂ ਦੇ ਲੋਕਾਂ ਦੀ ਲੋੜ ਹੈ।ਚੰਗਾ ਹੋਇਆ ਜੋ ਕੱਲ੍ਹ ਜਾਣਾ ਸੀ, ਅੱਜ ਚਲਾ ਗਿਆ। ਸੀ.ਐਮ. ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬੋਲਦਿਆਂ ਕਿਹਾ ਕਿ ਭਲਾ ਹੋਇਆ ਲੜ੍ਹ ਨੇੜਿਓ ਛੁੱਟਿਆ,ਉਮਰ ਨ ਬੀਤੀ ਸਾਰੀ,ਲਗਦੀ ਨਾਲੋਂ ਟੁੱਟਦੀ ਚੰਗੀ,ਬੇਕਦਰਾਂ ਨਾਲ ਯਾਰੀ।।