ਪੰਜਾਬ : ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ (Kangana Ranaut) ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਦਰਅਸਲ ਕੰਗਨਾ ਵੱਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ (Union Minister Ravneet Bittu) ਨੇ ਕੰਗਨਾ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਦੁਬਾਰਾ ਅਜਿਹਾ ਬਿਆਨ ਦਿੰਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਨਾਲ ਹੀ ਉਨ੍ਹਾਂ ਕਿਹਾ ਕਿ ਕੰਗਨਾ ਨੂੰ ਆਪਣੇ ਹਲਕੇ ਵੱਲ ਧਿਆਨ ਦੇਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਮੁੰਬਈ ਵਿੱਚ ਇੱਕ ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ ਸੀ ਕਿ ਜੇਕਰ ਸਾਡੀ ਸਿਖਰ ਲੀਡਰਸ਼ਿਪ ਕਮਜ਼ੋਰ ਹੁੰਦੀ ਤਾਂ ਭਾਰਤ ਬੰਗਲਾਦੇਸ਼ ਵਰਗੀ ਸਥਿਤੀ ਵਿੱਚ ਹੋ ਸਕਦਾ ਸੀ। ਕਿਸਾਨ ਅੰਦੋਲਨ ਦੌਰਾਨ ਅਸੀਂ ਦੇਖਿਆ ਕਿ ਕਿਵੇਂ ਵਿਰੋਧ ਦੇ ਨਾਂ ‘ਤੇ ਹਿੰਸਾ ਫੈਲਾਈ ਗਈ। ਉਥੇ ਬਲਾਤਕਾਰ ਅਤੇ ਕਤਲ ਹੋ ਰਹੇ ਸਨ ਅਤੇ ਲੋਕਾਂ ਨੂੰ ਮਾਰ ਕੇ ਫਾਂਸੀ ਦਿੱਤੀ ਜਾ ਰਹੀ ਸੀ। ਇਸ ਤੋਂ ਬਾਅਦ ਕੰਗਣਾ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਬਿੱਲ ਵਾਪਸ ਲਏ ਤਾਂ ਇਨ੍ਹਾਂ ਬਦਮਾਸ਼ਾਂ ਨੂੰ ਝਟਕਾ ਲੱਗਾ ਕਿਉਂਕਿ ਉਨ੍ਹਾਂ ਦੀ ਪਲਾਨਿੰਗ ਲੰਬੀ ਸੀ। ਵਿਰੋਧੀ ਧਿਰ ਨੇ ਬੀਤੇ ਦਿਨ ਵੀ ਇਸ ਬਿਆਨ ਖ਼ਿਲਾਫ਼ ਆਪਣਾ ਹਮਲਾ ਜਾਰੀ ਰੱਖਿਆ।
ਦੂਜੇ ਪਾਸੇ ਭਾਜਪਾ ਨੇ ਇੱਕ ਬਿਆਨ ਵਿੱਚ ਕਿਹਾ, “ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਬੀਜੇਪੀ ਸੰਸਦ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਏ ਨਹੀਂ ਹੈ। ਭਾਜਪਾ ਨੇ ਕੰਗਨਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਈ ਹੈ। ਪਾਰਟੀ ਦੀ ਤਰਫੋਂ, ਕੰਗਨਾ ਰਣੌਤ ਨੂੰ ਨਾ ਤਾਂ ਪਾਰਟੀ ਨੀਤੀਗਤ ਮੁੱਦਿਆਂ ‘ਤੇ ਬੋਲਣ ਦੀ ਇਜਾਜ਼ਤ ਹੈ ਅਤੇ ਨਾ ਹੀ ਅਧਿਕਾਰਤ ਹੈ।