ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ , ਸਿੱਖ ਜਥੇਬੰਦੀਆਂ ਨੇ ਫਿਲਮ ‘ਐਮਰਜੈਂਸੀ’ ਦਾ ਮੁੜ ਸ਼ੁਰੂ ਕੀਤਾ ਵਿਰੋਧ
By admin / November 20, 2024 / No Comments / Punjabi News
ਮੁੰਬਈ : ਬਾਲੀਵੁੱਡ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ (Bollywood Actress and MP Kangana Ranaut) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕੰਗਨਾ ਦੀ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਫਿਲਮ ‘ਐਮਰਜੈਂਸੀ’ ਦਾ ਸਿੱਖ ਜਥੇਬੰਦੀਆਂ ਨੇ ਮੁੜ ਵਿਰੋਧ ਸ਼ੁਰੂ ਕਰ ਦਿੱਤਾ ਹੈ। ਭਾਵੇਂ ਸੈਂਸਰ ਬੋਰਡ ਨੇ ਕੁਝ ਸੀਨ ਕੱਟ ਕੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਸਿੱਖ ਸਮਾਜ ਅਜੇ ਵੀ ਫਿਲਮ ਦੇ ਖ਼ਿਲਾਫ਼ ਡਟਿਆ ਹੋਇਆ ਹੈ। ਦੱਸ ਦੇਈਏ ਕਿ ਜਦੋਂ 14 ਅਗਸਤ ਨੂੰ ਇਸ ਫਿਲਮ ਦਾ ਟੀਜ਼ਰ ਜਾਰੀ ਹੋਇਆ ਸੀ ਤਾਂ ਉਸ ਵੇਲੇ ਨਾ ਸਿਰਫ਼ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਗੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਹ ਇਤਰਾਜ਼ ਕੀਤਾ ਸੀ ਕਿ ਇਸ ਫਿਲਮ ’ਚ ਸਿੱਖਾਂ ਦੇ ਅਕਸ ਨੂੰ ਮਾੜਾ ਦਰਸਾਇਆ ਗਿਆ ਹੈ। ਇਸ ਤੋਂ ਬਾਅਦ 6 ਸਤੰਬਰ ਨੂੰ ਫਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਸੀ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਚੇਅਰਪਰਸਨ ਨੂੰ ਇਸ ਫਿਲਮ ’ਤੇ ਪਾਬੰਦੀ ਲਗਾਉਣ ਲਈ ਵੱਖ-ਵੱਖ ਪੱਤਰ ਲਿਖੇ ਸਨ। ਉਨ੍ਹਾਂ ਕਿਹਾ ਕਿ ਮਤੇ ਦੀਆਂ ਕਾਪੀਆਂ ਪੰਜਾਬ ਸਰਕਾਰ ਨੂੰ ਵੀ ਭੇਜ ਦਿੱਤੀਆਂ ਸਨ ਪਰ ਇਸ ’ਤੇ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਫਿਲਮ ਦੀ ਰਿਲੀਜ਼ ਦਾ ਸਖਤ ਵਿਰੋਧ ਕਰਦੀ ਹੈ।
ਦਰਅਸਲ ਟੀਜ਼ਰ ਦੇ ਇੱਕ ਸੀਨ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਨੂੰ ਕਥਿਤ ਤੌਰ ’ਤੇ ਇੰਦਰਾ ਗਾਂਧੀ ਨਾਲ ਵਫ਼ਾਦਾਰੀ ਦਿਖਾਉਂਦੇ ਹੋਏ ਦਿਖਾਇਆ ਗਿਆ ਹੈ ਜੋ ਕਿ ਵੱਖਰੇ ਸਿੱਖ ਰਾਜ ਦੇ ਬਦਲੇ ਕਾਂਗਰਸ ਪਾਰਟੀ ਲਈ ਵੋਟਾਂ ਦਾ ਵਾਅਦਾ ਕਰਦਾ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ‘ਸਿੱਖ ਵਿਰੋਧੀ ਫ਼ਿਲਮ’ ਕਰਾਰ ਦਿੰਦਿਆਂ ਇਸ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ।