ਕੋਟਕਪੂਰਾ : ਜੇਕਰ ਇਰਾਦੇ ਮਜ਼ਬੂਤ ਹੋਣ ਅਤੇ ਕੁਝ ਕਰਨ ਦਾ ਜਜ਼ਬਾ ਦਿਲ ਵਿੱਚ ਹੋਵੇ ਤਾਂ ਕੋਈ ਵੀ ਵਿਅਕਤੀ ਉੱਚੇ ਮੁਕਾਮ ‘ਤੇ ਪਹੁੰਚ ਸਕਦਾ ਹੈ। ਕੋਟਕਪੂਰਾ ਦੇ ਜੰਮਪਲ ਸਿੱਖ ਨੌਜਵਾਨ ਅਸੀਸਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਪਾਇਲਟ ਬਣ ਕੇ ਇਹ ਸਾਬਤ ਕਰ ਦਿੱਤਾ ਹੈ।
ਅਸੀਸਪ੍ਰੀਤ ਸਿੰਘ ਦੇ ਪਾਇਲਟ ਬਣਨ ‘ਤੇ ਜਿੱਥੇ ਉਸ ਦੇ ਮਾਤਾ-ਪਿਤਾ ਅਤੇ ਦੋਸਤ-ਮਿੱਤਰ ਖੁਸ਼ ਹਨ, ਉੱਥੇ ਹੀ ਅਸੀਸਪ੍ਰੀਤ ਸਿੰਘ ਦੀ ਇਸ ਪ੍ਰਾਪਤੀ ‘ਤੇ ਅਰੋੜਾ ਭਾਈਚਾਰੇ ਦੀਆਂ ਸਬੰਧਤ ਸੰਸਥਾਵਾਂ ਅਰੋੜਾ ਬੰਸ਼ ਸਭਾ ਕੋਟਕਪੂਰਾ ਅਤੇ ਅਰੋੜਾ ਮਹਾਂਸਭਾ ਕੋਟਕਪੂਰਾ ਦੇ ਸਮੂਹ ਅਧਿਕਾਰੀਆਂ ਅਤੇ ਮੈਂਬਰਾਂ ‘ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।
ਉਕਤ ਹੋਨਹਾਰ ਨੌਜਵਾਨ ਦੀ ਮਾਤਾ ਸੁਖਜੀਤ ਕੌਰ ਅਤੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਅਸੀਸਪ੍ਰੀਤ 2019 ਵਿੱਚ ਵੀਜੇ ਦੀ ਪੜ੍ਹਾਈ ਲਈ ਵੈਨਕੂਵਰ (ਕੈਨੇਡਾ) ਗਿਆ ਸੀ, ਜਿੱਥੇ ਉਸਨੇ 2 ਸਾਲ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਫਲਾਇੰਗ ਕੋਰਸ ਵੀ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਉਸਨੇ ਜਹਾਜ਼ ਦੇ ਇੰਜਣ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਹੋਏ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਜੀ.ਓ.ਟੀ ਪੀਪੀ.ਐਲ (ਕੈਨੇਡਾ ਵਿੱਚ ਪ੍ਰਾਈਵੇਟ ਪਾਇਲਟ ਲਾਇਸੈਂਸ) ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਨਿਯਮਾਂ ਅਨੁਸਾਰ ਪੜ੍ਹਾਈ ਪੂਰੀ ਕਰਨ ਅਤੇ ਪਾਇਲਟ ਦਾ ਲਾਇਸੈਂਸ ਲੈਣ ਤੋਂ 6 ਮਹੀਨੇ ਬਾਅਦ ਜੁਆਇਨ ਕੀਤਾ ਜਾਂਦਾ ਹੈ। ਇਸ ਦੌਰਾਨ ਅਸੀਸਪ੍ਰੀਤ ਸਿੰਘ ਦੇ ਦਾਦਾ ਪਾਲ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਰਹਿ ਕੇ ਅਤੇ ਪਾਇਲਟ ਦੀ ਨੌਕਰੀ ਮਿਲਣ ਦੇ ਬਾਵਜੂਦ ਅਸੀਸਪ੍ਰੀਤ ਸਿੰਘ ਇੱਕ ਸਾਬਤ ਸੂਰਤ ਵਿਅਕਤੀ ਹੈ ਅਤੇ ਆਪਣੀ ਸਿੱਖੀ ਨੂੰ ਕਾਇਮ ਰੱਖਿਆ ਹੈ।