ਕੈਨੇਡੀਅਨ ਪੁਲਿਸ ਨੇ ਕਿਹਾ- ਏਅਰ ਇੰਡੀਆ ਦੀ ਫਲਾਈਟ ਨੰਬਰ 182 ‘ਤੇ ਹੋਏ ਬੰਬ ਧਮਾਕੇ ਦੀ ਜਾਂਚ ਅਜੇ ਜਾਰੀ
By admin / June 23, 2024 / No Comments / Punjabi News
ਓਟਾਵਾ : ਕੈਨੇਡੀਅਨ ਪੁਲਿਸ (Canadian Police) ਨੇ ਕਿਹਾ ਹੈ ਕਿ ਏਅਰ ਇੰਡੀਆ ਦੀ ਫਲਾਈਟ ਨੰਬਰ 182 ‘ਤੇ ਹੋਏ ਬੰਬ ਧਮਾਕੇ ਦੀ ਜਾਂਚ ਅਜੇ ਜਾਰੀ ਹੈ। ਪੁਲਿਸ ਨੇ ਇਸ ਨੂੰ ਅੱਤਵਾਦ ਦੇ ਮਾਮਲੇ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਗੁੰਝਲਦਾਰ ਜਾਂਚ ਦੱਸਿਆ ਹੈ। ਪੁਲਿਸ ਨੇ ਇਹ ਟਿੱਪਣੀ ਜਹਾਜ਼ ਦੀ ਬੰਬਾਰੀ ਦੇ 39 ਸਾਲ ਪੂਰੇ ਹੋਣ ਤੋਂ ਤਿੰਨ ਦਿਨ ਪਹਿਲਾਂ ਕੀਤੀ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ‘ਕਨਿਸ਼ਕ’ ਫਲਾਈਟ ਨੰਬਰ-182 ਵਿੱਚ 23 ਜੂਨ, 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ ਸੀ, ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ। ਇਹ ਬੰਬ ਸਿੱਖ ਅੱਤਵਾਦੀਆਂ ਨੇ ‘ਆਪ੍ਰੇਸ਼ਨ ਬਲੂ ਸਟਾਰ’ ਦੇ ਜਵਾਬ ‘ਚ ਰੱਖਿਆ ਸੀ।
ਇਹ ਆਪਰੇਸ਼ਨ 1984 ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਅੱਤਵਾਦੀਆਂ ਤੋਂ ਮੁਕਤ ਕਰਵਾਉਣ ਲਈ ਸ਼ੁਰੂ ਕੀਤਾ ਗਿਆ ਸੀ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰ.ਸੀ.ਐਮ.ਪੀ) ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੋਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੰਬ ਧਮਾਕਾ ਦੇਸ਼ ਦੇ ਇਤਿਹਾਸ ਵਿੱਚ ਕੈਨੇਡੀਅਨਾਂ ਨੂੰ ਮਾਰਨ ਅਤੇ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਭੈੜੀ ਅੱਤਵਾਦ ਨਾਲ ਸਬੰਧਤ ਘਟਨਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ। ਟੇਬੋਲ ਨੇ ਕਿਹਾ ਕਿ ਏਅਰ ਇੰਡੀਆ ਬੰਬ ਧਮਾਕੇ ਦੀ ਜਾਂਚ ਦੇਸ਼ ਦੇ ਇਤਿਹਾਸ ਵਿੱਚ ਘਰੇਲੂ ਅੱਤਵਾਦ ਨਾਲ ਜੁੜੀ ਸਭ ਤੋਂ ਲੰਬੀ ਅਤੇ ਸਭ ਤੋਂ ਗੁੰਝਲਦਾਰ ਜਾਂਚ ਹੈ। ਉਨ੍ਹਾਂ ਨੇ ਕਿਹਾ “ਘਟਨਾ ਦੀ ਜਾਂਚ ਲਈ ਸਾਡੀਆਂ ਕੋਸ਼ਿਸ਼ਾਂ ਸਰਗਰਮੀ ਨਾਲ ਜਾਰੀ ਹਨ,” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੰਬ ਧਮਾਕੇ ਦਾ ਪ੍ਰਭਾਵ “ਸਮੇਂ ਦੇ ਨਾਲ ਘੱਟ ਨਹੀਂ ਹੋਇਆ ਹੈ” ਅਤੇ ਇਸ ਨਾਲ ਹੋਏ ਸਦਮੇ ਨੇ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ ਹੈ। ਟੇਬੋਲ ਨੇ ਕਿਹਾ “ਸਾਨੂੰ ਇਸ ਦੁਖਾਂਤ ਅਤੇ ਹੋਰ ਅੱਤਵਾਦੀ ਕਾਰਵਾਈਆਂ ਵਿੱਚ ਬੇਕਸੂਰ ਲੋਕਾਂ ਦੀਆਂ ਮੌਤਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ,” ਵੈਨਕੂਵਰ ਅਤੇ ਟੋਰਾਂਟੋ ਵਿੱਚ ਭਾਰਤ ਦੇ ਵਣਜ ਦੂਤਾਵਾਸ ਬੰਬ ਧਮਾਕਿਆਂ ਦੀ ਬਰਸੀ ‘ਤੇ ਯਾਦਗਾਰੀ ਸੇਵਾਵਾਂ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਸ ਦੌਰਾਨ, ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਵੀਰਵਾਰ ਨੂੰ 1985 ਦੇ ਏਅਰ ਇੰਡੀਆ ਬੰਬ ਧਮਾਕੇ ਨੂੰ ਯਾਦ ਕੀਤਾ ਜਿਸ ਵਿੱਚ 329 ਲੋਕਾਂ ਦੀ ਮੌਤ ਹੋ ਗਈ ਸੀ, ਅਤੇ ਕਿਹਾ ਕਿ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਵਿਚਾਰਧਾਰਾ ਕੈਨੇਡਾ ਵਿੱਚ ਅਜੇ ਵੀ ਜ਼ਿੰਦਾ ਹੈ। ਕੈਨੇਡੀਅਨ ਪਾਰਲੀਮੈਂਟ ਵਿੱਚ ਬੋਲਦਿਆਂ ਸ੍ਰੀ ਆਰੀਆ ਨੇ ਕਿਹਾ ਕਿ ‘ਖਾਲਿਸਤਾਨੀ ਸਮਰਥਕਾਂ’ ਵੱਲੋਂ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਜਸ਼ਨ ਮਨਾਉਣਾ ਦਰਸਾਉਂਦਾ ਹੈ ਕਿ ‘ਕਾਲੀ ਤਾਕਤਾਂ ਮੁੜ ਸਰਗਰਮ ਹੋ ਗਈਆਂ ਹਨ। ਉਨ੍ਹਾਂ ਨੇ ਹਾਲ ਹੀ ਦੀਆਂ ਘਟਨਾਵਾਂ ਬਾਰੇ ਹਿੰਦੂ ਕੈਨੇਡੀਅਨਾਂ ਦੀਆਂ ਚਿੰਤਾਵਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ, ‘ਸ੍ਰੀ ਸਪੀਕਰ, 23 ਜੂਨ ਅੱਤਵਾਦ ਦੇ ਪੀੜਤਾਂ ਦੀ ਯਾਦ ਦਾ ਰਾਸ਼ਟਰੀ ਦਿਵਸ ਹੈ। 39 ਸਾਲ ਪਹਿਲਾਂ ਅੱਜ ਦੇ ਦਿਨ ਏਅਰ ਇੰਡੀਆ ਦੀ ਫਲਾਈਟ ਨੰਬਰ 182 ਨੂੰ ਦੁਪਹਿਰ ਵੇਲੇ ਕੈਨੇਡਾ ਤੋਂ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਰੱਖੇ ਬੰਬ ਨਾਲ ਉਡਾ ਦਿੱਤਾ ਗਿਆ ਸੀ। ਸਾਰੇ 329 ਯਾਤਰੀਆਂ ਅਤੇ ਚਾਲਕ ਦਲ ਦੀ ਮੌਤ ਹੋ ਗਈ ਸੀ ਅਤੇ ਇਹ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਭਿਆਨਕ ਕਤਲੇਆਮ ਹੈ।”