ਫ਼ਿਰੋਜ਼ਪੁਰ : ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਲੱਖ 60000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਸਦਰ (Police of Thana Sadar) ਫ਼ਿਰੋਜ਼ਪੁਰ ਦੀ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਮਨੁੱਖੀ ਤਸਕਰੀ ਰੋਕੂ ਐਕਟ 2012 ਤਹਿਤ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਛੱਤਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਸਤੀ ਨਿਜ਼ਾਮੂਦੀਨ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਭਰਾ ਮਲਕੀਅਤ ਸਿੰਘ ਨੂੰ ਕੈਨੇਡਾ ਭੇਜਣ ਦੇ ਬਹਾਨੇ ਨੰਦ ਲਾਲ ਪੁੱਤਰ ਓਮ ਪ੍ਰਕਾਸ਼, ਗੀਤਾ ਪਤਨੀ ਨੰਦਲਾਲ ਅਤੇ ਸੁਰਿੰਦਰ ਕੁਮਾਰ ਪੁੱਤਰ ਨੰਦਲਾਲ ਵਾਸੀ ਰਾਏ ਸਿੰਘ ਨਗਰ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਨੇ ਇਨ੍ਹਾਂ ਤੋਂ 4 ਲੱਖ 60 ਹਜ਼ਾਰ ਰੁਪਏ ਲਏ ਸਨ। ਪਰ ਅੱਜ ਤੱਕ ਨਾ ਤਾਂ ਉਸ ਦੇ ਭਰਾ ਨੂੰ ਕੈਨੇਡਾ ਭੇਜਿਆ ਗਿਆ ਹੈ ਅਤੇ ਨਾ ਹੀ ਉਸ ਤੋਂ ਲਏ ਪੈਸੇ ਵਾਪਸ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।