ਕੈਨੇਡਾ : ਕੈਨੇਡਾ ‘ਚ ਪਿਛਲੇ ਸਾਲ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਤਣਾਅ ਵਧਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵਾਰ-ਵਾਰ ਇਹ ਦਾਅਵਾ ਕਰ ਰਹੀ ਹੈ ਕਿ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਦਾ ਹੱਥ ਹੈ, ਜਦਕਿ ਭਾਰਤ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਰਹੀ ਹੈ। ਇਸ ਦੌਰਾਨ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਹਿੰਦੂ ਸਭਾ ਮੰਦਰ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਅਤੇ ਭਾਰਤੀ ਸਮਰਥਕਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਸਮਰਥਕ ਮੰਦਰ ਦੇ ਬਾਹਰ ਇਕੱਠੇ ਹੋ ਕੇ ਭਾਰਤ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਨਿਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ‘ਤੇ ਭਾਰਤੀ ਸਮਰਥਕਾਂ ਨੇ ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਖਾਲਿਸਤਾਨ ਸਮਰਥਕਾਂ ਨੇ ਗੁੱਸੇ ‘ਚ ਆ ਕੇ ਉਨ੍ਹਾਂ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਮੰਦਰ ਦੇ ਅੰਦਰ ਵੀ ਚਲੇ ਗਏ। ਇਸ ਤੋਂ ਸਾਫ਼ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਇਸ ਮਾਮਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਇਹ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ, ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਚੰਗੀ ਨਹੀਂ ਹੋਵੇਗੀ।