ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ‘ਤੇ ਸੋਨੇ ਦੀ ਲੁੱਟ ਦੇ ਮਾਮਲੇ ‘ਚ 2 ਭਾਰਤੀ ਸਮੇਤ 6 ਲੋਕ ਗ੍ਰਿਫ਼ਤਾਰ
By admin / April 18, 2024 / No Comments / World News
ਟੋਰਾਂਟੋ : ਕੈਨੇਡਾ (Canada) ਦੇ ਟੋਰਾਂਟੋ ਹਵਾਈ ਅੱਡੇ ‘ਤੇ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜ ਦੱਖਣੀ ਏਸ਼ੀਆਈਆਂ ਵਿਚੋਂ ਦੋ ਭਾਰਤੀ ਮੂਲ ਦੇ ਹਨ। ਕੈਨੇਡਾ ਦੇ ਸਭ ਤੋਂ ਵੱਡੇ ਟੋਰਾਂਟੋ ਏਅਰਪੋਰਟ ‘ਤੇ 17 ਅਪ੍ਰੈਲ, 2023 ਨੂੰ ਸੋਨੇ ਦੀ ਵੱਡੀ ਚੋਰੀ ਦੀ ਘਟਨਾ ਵਾਪਰੀ ਸੀ, ਜਿਸ ਵਿੱਚ 6,600 ਸੋਨੇ ਦੀਆਂ ਬਾਰਾਂ ਚੋਰੀ ਹੋ ਗਈਆਂ ਸਨ। ਇਸ ਦੀ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਬਰੈਂਪਟਨ ਦਾ ਰਹਿਣ ਵਾਲਾ 54 ਸਾਲਾ ਪਰਮਪਾਲ ਸਿੱਧੂ ਵੀ ਸ਼ਾਮਲ ਹੈ, ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਹੈ। ਗ੍ਰਿਫਤਾਰ ਕੀਤਾ ਗਿਆ ਇੱਕ ਹੋਰ ਇੰਡੋ-ਕੈਨੇਡੀਅਨ ਅਮਿਤ ਜਲੋਟਾ (40) ਹੈ, ਜੋ ਟੋਰਾਂਟੋ ਨੇੜੇ ਓਕਵਿਲ ਦਾ ਰਹਿਣ ਵਾਲਾ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹੋਰ ਤਿੰਨ ਵਿਅਕਤੀਆਂ ਵਿੱਚ ਬਰੈਂਪਟਨ ਨੇੜੇ ਜੌਰਜਟਾਊਨ ਦੇ 43 ਸਾਲਾ ਅਮਦ ਚੌਧਰੀ, ਟੋਰਾਂਟੋ ਦੇ ਅਲੀ ਰਜ਼ਾ (37) ਅਤੇ ਬਰੈਂਪਟਨ ਦੇ 35 ਸਾਲਾ ਪ੍ਰਸਾਦ ਪਰਾਮਾਲਿੰਗਮ ਸ਼ਾਮਲ ਹਨ। ਇਸ ਤੋਂ ਇਲਾਵਾ, ਪੁਲਿਸ ਨੇ ਬਰੈਂਪਟਨ ਦੀ ਰਹਿਣ ਵਾਲੀ 31 ਸਾਲਾ ਸਿਮਰਨ ਪ੍ਰੀਤ ਪਨੇਸਰ, ਜੋ ਕਿ ਚੋਰੀ ਦੇ ਸਮੇਂ ਏਅਰ ਕੈਨੇਡਾ ਦਾ ਕਰਮਚਾਰੀ ਸੀ, ਬਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਦੇ 42 ਸਾਲਾ ਵਿਅਕਤੀ ਅਰਸਲਾਨ ਚੌਧਰੀ ਦੇ ਖ਼ਿਲਾਫ਼ ਵੀ ਵਾਰੰਟ ਜਾਰੀ ਕੀਤੇ ਹਨ।
400 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀਆਂ ਸੋਨੇ ਦੀਆਂ ਬਾਰਾਂ ਨੂੰ ਦੋ ਸਵਿਸ ਬੈਂਕਾਂ – ਰਾਇਫੀਸੇਨ ਅਤੇ ਵਾਲਕੈਂਬੀ ਦੁਆਰਾ 17 ਅਪ੍ਰੈਲ, 2023 ਨੂੰ ਜ਼ਿਊਰਿਖ ਤੋਂ ਟੋਰਾਂਟੋ ਲਿਜਾਇਆ ਗਿਆ ਸੀ। ਸਵਿਸ ਬੈਂਕਾਂ ਨੇ ਟੋਰਾਂਟੋ ਵਿੱਚ ਮਾਲ ਦੀ ਸੁਰੱਖਿਆ ਲਈ ਮਿਆਮੀ ਅਧਾਰਤ ਸੁਰੱਖਿਆ ਕੰਪਨੀ ਬਿੰਕਰ ਨੂੰ ਹਾਇਰ ਕੀਤਾ। ਸੋਨੇ ਦੀਆਂ ਬਾਰਾਂ ਨੂੰ ਟੋਰਾਂਟੋ ਏਅਰਪੋਰਟ ਦੇ ਏਅਰ ਕੈਨੇਡਾ ਸਟੋਰੇਜ ਡਿਪੂ ਵਿੱਚ ਸਟੋਰ ਕੀਤਾ ਗਿਆ ਸੀ। ਤਿੰਨ ਘੰਟੇ ਬਾਅਦ ਕੋਈ ਅਣਪਛਾਤਾ ਵਿਅਕਤੀ ਆਇਆ ਅਤੇ ਜਾਅਲੀ ਦਸਤਾਵੇਜ਼ ਦੇ ਕੇ ਸੋਨਾ ਲੈ ਗਿਆ।
ਉਸੇ ਦਿਨ ਰਾਤ 9:30 ਵਜੇ ਦੇ ਕਰੀਬ ਜਦੋਂ ਬਿੰਕਰ ਕਰਮਚਾਰੀ ਸ਼ਿਪਮੈਂਟ ਲੈਣ ਲਈ ਕੈਨੇਡਾ ਦੇ ਏਅਰ ਕੈਨੇਡਾ ਕਾਰਗੋ ਡਿਪੂ ‘ਤੇ ਪਹੁੰਚੇ ਤਾਂ ਸੋਨਾ ਪਹਿਲਾਂ ਹੀ ਗਾਇਬ ਸੀ। ਬਿੰਕਰ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਦੇ ਕਰਮਚਾਰੀਆਂ ਨੇ ਇਹ ਸ਼ਿਪਮੈਂਟ ਕਿਸੇ ਅਣਪਛਾਤੇ ਵਿਅਕਤੀ ਨੂੰ ਜਾਰੀ ਕੀਤੀ, ਜੋ ਇਸ ਨੂੰ ਲੈ ਕੇ ਭੱਜ ਗਿਆ।
The post ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ‘ਤੇ ਸੋਨੇ ਦੀ ਲੁੱਟ ਦੇ ਮਾਮਲੇ ‘ਚ 2 ਭਾਰਤੀ ਸਮੇਤ 6 ਲੋਕ ਗ੍ਰਿਫ਼ਤਾਰ appeared first on Timetv.