ਕੈਨੇਡਾ : ਕੈਨੇਡਾ ਦੇ ਐਡਮਿੰਟਨ ਵਿੱਚ BAPS ਸਵਾਮੀਨਾਰਾਇਣ ਮੰਦਰ (The BAPS Swaminarayan Temple) ਵਿੱਚ ਹਾਲ ਹੀ ਵਿੱਚ ਭੰਨਤੋੜ ਕੀਤੀ ਗਈ ਸੀ। ਬੀ.ਏ.ਪੀ.ਐਸ ਸਵਾਮੀਨਾਰਾਇਣ ਮੰਦਿਰ ‘ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਹੋਏ ਸਨ। ਇਸ ਹਮਲੇ ਪਿੱਛੇ ਖਾਲਿਸਤਾਨੀ ਸਮਰਥਕਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਪ੍ਰਮੁੱਖ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਇਨ੍ਹਾਂ ਹਮਲਿਆਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਖਾਲਿਸਤਾਨ ਸਮਰਥਕ ਕੈਨੇਡਾ ‘ਚ ਆਜ਼ਾਦੀ ਦੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਦੇ ਇੱਕ ਸੰਸਦ ਮੈਂਬਰ ਨੇ ਐਕਸ ‘ਤੇ ਇੱਕ ਪੋਸਟ ਲਿਖਿਆ, ਖਾਲਿਸਤਾਨੀ ਕੱਟੜਪੰਥੀ ਸਾਡੇ ਕੈਨੇਡੀਅਨ ਚਾਰਟਰ ਆਫ ਰਾਈਟਸ ਦੁਆਰਾ ਦਿੱਤੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਸਾਡੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੇ ਹਨ।
ਗੁਰਪਤਵੰਤ ਸਿੰਘ ਪੰਨੂ ਦੀ ਵੀਡੀਓ ਦਾ ਜਵਾਬ
ਇਸ ਦੇ ਨਾਲ ਹੀ ਸੰਸਦ ਮੈਂਬਰ ਆਰੀਆ ਨੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਉਸ ਵੀਡੀਓ ‘ਤੇ ਵੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਆਰੀਆ ਅਤੇ ਉਨ੍ਹਾਂ ਦੇ ਹਿੰਦੂ-ਕੈਨੇਡੀਅਨ ਦੋਸਤਾਂ ਨੂੰ ਭਾਰਤ ਵਾਪਸ ਜਾਣ ਦੀ ਗੱਲ ਕਹੀ ਹੈ। ਸੰਸਦ ਮੈਂਬਰ ਚੰਦਰ ਆਰੀਆ ਨੇ ਪੰਨੂ ਨੂੰ ਜਵਾਬ ਦਿੰਦੇ ਹੋਏ ਕਿਹਾ, ਅਸੀਂ (ਹਿੰਦੂਆਂ) ਨੇ ਕੈਨੇਡਾ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਹੁਤ ਸਕਾਰਾਤਮਕ ਅਤੇ ਉਸਾਰੂ ਯੋਗਦਾਨ ਪਾਇਆ ਹੈ।
ਸੰਸਦ ਮੈਂਬਰ ਨੇ ਅੱਗੇ ਕਿਹਾ, ਹਿੰਦੂਆਂ ਨੇ ਆਪਣੇ ਇਤਿਹਾਸ ਨਾਲ ਕੈਨੇਡਾ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਨੂੰ ਅਮੀਰ ਕੀਤਾ ਹੈ। ਦੁਨੀਆ ਦੇ ਸਾਰੇ ਹਿੱਸਿਆਂ ਤੋਂ ਹਿੰਦੂ ਸਾਡੇ ਸ਼ਾਨਦਾਰ ਦੇਸ਼ ਕੈਨੇਡਾ ਆਏ ਹਨ। ਦੱਖਣੀ ਏਸ਼ੀਆ ਦੇ ਹਰ ਦੇਸ਼, ਅਫਰੀਕਾ ਅਤੇ ਕੈਰੇਬੀਅਨ ਦੇ ਕਈ ਦੇਸ਼ਾਂ ਅਤੇ ਦੁਨੀਆ ਦੇ ਹੋਰ ਕਈ ਹਿੱਸਿਆਂ ਤੋਂ ਅਸੀਂ ਇੱਥੇ ਆਏ ਹਾਂ ਅਤੇ ਕੈਨੇਡਾ ਸਾਡੀ ਧਰਤੀ ਹੈ।