November 5, 2024

ਕੈਨੇਡਾ ‘ਚ ਲੁਧਿਆਣੇ ਦੀ ਕੁੜੀ ਦਾ ਚਾਕੂ ਮਾਰ ਕੀਤਾ ਕਤਲ

ਕੈਨੇਡਾ : ਕੈਨੇਡਾ ਦੇ ਸ਼ਹਿਰ ਐਬਟਸਫੋਰਡ ਬੀ.ਸੀ. ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਲ੍ਹਾ ਵਿੱਚ ਜੰਮੀ ਇੱਕ ਲੜਕੀ ਨੂੰ ਉਸਦੇ ਪਤੀ ਨੇ ਚਾਕੂ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਬਲਵਿੰਦਰ ਕੌਰ (41) ਦੇ ਪਿਤਾ ਹਿੰਮਤ ਸਿੰਘ ਵਾਸੀ ਮੱਲਾ ਨੇ ਦੱਸਿਆ ਕਿ ਉਸ ਦੀ ਲੜਕੀ ਬਲਵਿੰਦਰ ਕੌਰ ਦਾ ਵਿਆਹ ਸਾਲ 2000 ਵਿੱਚ ਲੁਧਿਆਣਾ ਦੇ ਪੱਖੋਵਾਲ ਰੋਡ ਵਾਸੀ ਜਗਪ੍ਰੀਤ ਸਿੰਘ ਉਰਫ਼ ਰਾਜੂ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਉਸ ਦੇ ਸਹੁਰੇ ਦਾਜ ਦੀ ਮੰਗ ਕਰਦੇ ਰਹੇ ਅਤੇ ਉਸ ਦੀ ਲੜਕੀ ਦੀ ਕਈ ਵਾਰ ਕੁੱਟਮਾਰ ਵੀ ਕੀਤੀ ਗਈ ਸੀ। ਲੜਕੀ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਉਹ ਚਾਰ ਧੀਆਂ ਦਾ ਪਿਤਾ ਹੈ, ਜਿਸ ਕਾਰਨ ਉਹ ਧੀ ਦੇ ਸਹੁਰਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦਾ। ਉਸ ਨੇ ਦੱਸਿਆ ਕਿ ਦੋਹਤੀ ਹਰਨੂਰਪ੍ਰੀਤ ਕੌਰ ਆਈਲੈਟਸ ਦੀ ਪੜ੍ਹਾਈ ਕਰਨ ਕੈਨੇਡਾ ਗਈ ਹੋਈ ਸੀ।

ਜਿਸ ਨੂੰ ਬਲਵਿੰਦਰ ਕੌਰ ਜਨਵਰੀ 2022 ਵਿੱਚ ਮਿਲਣ ਗਈ ਸੀ। ਪਰ ਉਸ ਦਾ ਜਵਾਈ ਵੀ ਵਾਰ-ਵਾਰ ਫੋਨ ਕਰਨ ਲੱਗਾ ਅਤੇ ਆਪਣੇ ਆਪ ਨੂੰ ਕੈਨੇਡਾ ਬੁਲਾਉਣ ਲਈ ਜ਼ੋਰ ਪਾਉਣ ਲੱਗਾ। ਜਿਸ ਤੋਂ ਬਾਅਦ ਜਗਪ੍ਰੀਤ ਨੂੰ ਇੱਕ ਹਫ਼ਤਾ ਪਹਿਲਾਂ 11 ਮਾਰਚ ਨੂੰ ਹੀ ਕੈਨੇਡਾ ਬੁਲਾਇਆ ਗਿਆ ਸੀ। ਪਰ ਕੈਨੇਡਾ ਪਹੁੰਚਣ ਦੇ 5 ਦਿਨਾਂ ਬਾਅਦ ਹੀ ਉਸ ਨੇ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਬੇਸਹਾਰਾ ਪਿਤਾ ਹਿੰਮਤ ਸਿੰਘ ਨੇ ਰੋਂਦੇ ਹੋਏ ਕਿਹਾ ਕਿ ਬਲਵਿੰਦਰ ਕੌਰ ਦੇ ਕਾਤਲ ਜਗਪ੍ਰੀਤ ਸਿੰਘ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੁਖਦਾਈ ਖਬਰ ਨਾਲ ਹਰ ਕੋਈ ਦੁਖੀ ਹੈ ਅਤੇ ਕੈਨੇਡਾ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਾਤਲ ਜਗਪ੍ਰੀਤ ਸਿੰਘ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਪਿੰਡ ਮੱਲ੍ਹਾ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ।

By admin

Related Post

Leave a Reply